ਲੁਧਿਆਣਾ, 11 ਸਤੰਬਰ | ਇਥੇ ਇਕ ਖੌਫਨਾਕ ਵਾਰਦਾਤ ਵਾਪਰੀ ਹੈ। ਮਾਮੂਲੀ ਬਹਿਸ ਤੋਂ ਬਾਅਦ ਗੁਆਂਢੀਆਂ ਨੇ ਔਰਤ ਦੇ ਸਿਰ ਵਿਚ ਡੰਡਿਆਂ ਨਾਲ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਨੇ ਮ੍ਰਿਤਕਾ ਦੇ ਪਤੀ ਅੰਬੇਡਕਰ ਨਗਰ ਗਿਆਸਪੁਰਾ ਦੇ ਵਾਸੀ ਲਲਨ ਸ਼ਾਹ ਦੀ ਸ਼ਿਕਾਇਤ ‘ਤੇ ਗਿਆਸਪੁਰਾ ਦੇ ਰਹਿਣ ਵਾਲੇ ਅਜੇ ਗੁਪਤਾ, ਕਿਸ਼ੋਰ, ਪੰਕਜ, ਕਿਰਨ ਅਤੇ ਰਮਾਵਤੀ ਖਿਲਾਫ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਪੁਲਿਸ ਨੂੰ ਜਾਣਕਾਰੀ ਦਿੰਦਿਆਂ ਲਲਨ ਸ਼ਾਹ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਆਪਣੀ ਪਤਨੀ ਅਤੇ 2 ਬੱਚਿਆਂ ਨਾਲ ਅੰਬੇਡਕਰ ਨਗਰ ਵਿੱਚ ਰਹਿ ਰਿਹਾ ਹੈ। ਗੁਆਂਢੀ ਘਰ ਦੇ ਬੂਹੇ ਅੱਗੇ ਪਾਣੀ ਡੋਲ੍ਹ ਦਿੰਦੇ ਸਨ। ਇਸ ਗੱਲ ਨੂੰ ਲੈ ਕੇ ਅਜੇ ਅਤੇ ਹੋਰ ਵਿਅਕਤੀਆਂ ਨਾਲ ਉਨ੍ਹਾਂ ਦੀ ਕਈ ਵਾਰ ਬਹਿਸ ਹੋਈ। ਕੁਝ ਦਿਨ ਪਹਿਲਾਂ ਵੀ ਇਸੇ ਕਾਰਨ ਦੋਹਾਂ ਧਿਰਾਂ ਵਿਚਕਾਰ ਤਕਰਾਰ ਹੋਇਆ ਸੀ।
ਮਾਮਲਾ ਇਸ ਹੱਦ ਤਕ ਵੱਧ ਗਿਆ ਕਿ ਗੁਆਂਢੀਆਂ ਨੇ ਲਲਨ ਸ਼ਾਹ ਅਤੇ ਉਸ ਦੀ ਪਤਨੀ ਮਾਨਤੀ ਉੱਪਰ ਡਾਂਗਾਂ ਨਾਲ ਹਮਲਾ ਕਰ ਦਿੱਤਾ। ਮਾਨਤੀ ਦੇ ਸਿਰ ਵਿਚ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਉਧਰੋਂ ਇਸ ਮਾਮਲੇ ਵਿਚ ਜਾਣਕਾਰੀ ਦਿੰਦਿਆਂ ਥਾਣਾ ਸਾਹਨੇਵਾਲ ਦੇ ਏਐਸਆਈ ਜਸਪਾਲ ਸਿੰਘ ਨੇ ਦੱਸਿਆ ਕਿ ਲਲਨ ਦੀ ਸ਼ਿਕਾਇਤ ‘ਤੇ ਅਜੇ ਗੁਪਤਾ, ਪੰਕਜ ਕਿਸ਼ੋਰ, ਕਿਰਨ ਅਤੇ ਰਾਮਾਵਤੀ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰਕੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।