ਲੁਧਿਆਣਾ, 4 ਦਸੰਬਰ | ਜਗਰਾਉਂ ਵਿਚ ਕਾਰ ਨੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਮਹਿਲਾ ਕਲਰਕ ਦੀ ਮੌਤ ਹੋ ਗਈ। ਉਹ ਸਕੂਲ ਤੋਂ ਬਾਅਦ ਆਪਣੇ ਘਰ ਜਾ ਰਹੀ ਸੀ। ਔਰਤ ਦੀਆਂ 2 ਬੇਟੀਆਂ ਹਨ, ਜਿਨ੍ਹਾਂ ਦੇ ਸਿਰ ਤੋਂ ਮਾਂ ਦਾ ਸਾਇਆ ਉਠ ਗਿਆ।
ਮ੍ਰਿਤਕਾ ਦੀ ਪਛਾਣ ਦਲਜੀਤ ਕੌਰ (39) ਵਾਸੀ ਤਲਵੰਡੀ ਮੱਲੀਆਂ ਵਜੋਂ ਹੋਈ ਹੈ। ਔਰਤ ਸ਼ਹਿਰ ਦੀ ਜੀਐਚਜੀ ਅਕੈਡਮੀ ਵਿਚ ਕਲਰਕ ਵਜੋਂ ਕੰਮ ਕਰਦੀ ਸੀ। ਔਰਤ ਸਕੂਲ ਤੋਂ ਬਾਅਦ ਆਪਣੀ ਐਕਟਿਵਾ ‘ਤੇ ਘਰ ਜਾ ਰਹੀ ਸੀ।
ਜਦੋਂ ਉਹ ਪਿੰਡ ਗਾਲਿਬ ਰੋਡ ਕੋਲ ਪਹੁੰਚੀ ਤਾਂ ਦੂਜੇ ਪਾਸੇ ਤੋਂ ਆ ਰਹੀ ਤੇਜ਼ ਰਫ਼ਤਾਰ ਇਨੋਵਾ ਕਾਰ ਨੇ ਔਰਤ ਦੀ ਐਕਟਿਵਾ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਈ। ਲੋਕ ਔਰਤ ਨੂੰ ਸਰਕਾਰੀ ਹਸਪਤਾਲ ਲੈ ਗਏ ਪਰ ਔਰਤ ਦੀ ਹਾਲਤ ਨਾਜ਼ੁਕ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਪਰ ਦੇਰ ਰਾਤ ਇਲਾਜ ਦੌਰਾਨ ਔਰਤ ਦੀ ਮੌਤ ਹੋ ਗਈ।
ਸੜਕ ਹਾਦਸੇ ਦਾ ਸ਼ਿਕਾਰ ਹੋਈ ਔਰਤ ਦਾ ਪਤੀ ਵੀ ਇਸੇ ਅਕੈਡਮੀ ਵਿਚ ਅਧਿਆਪਕ ਹੈ ਪਰ ਹਾਦਸੇ ਦੌਰਾਨ ਔਰਤ ਆਪਣੀ ਐਕਟਿਵਾ ‘ਤੇ ਇਕੱਲੀ ਹੀ ਸਫਰ ਕਰ ਰਹੀ ਸੀ। ਮ੍ਰਿਤਕ ਦੀਆਂ ਦੋ ਬੇਟੀਆਂ ਹਨ।