ਮੈਟ੍ਰੀਮੋਨੀਅਲ ਸਾਈਟ ‘ਤੇ ਮਿਲੀ ਔਰਤ ਨਿਕਲੀ ਠੱਗ, ਆਨਲਾਈਨ ਨੌਜਵਾਨ ਤੋਂ 1 ਕਰੋੜ ਠੱਗਿਆ

0
205

ਅਹਿਮਦਾਬਾਦ, 12 ਸਤੰਬਰ | ਇਥੋਂ ਇਕ ਠੱਗੀ ਦੀ ਖਬਰ ਸਾਹਮਣੇ ਆਈ ਹੈ। ਜਿਵੇਂ ਕਿ ਦੇਸ਼ ਵਿੱਚ ਧੋਖਾਧੜੀ ਬਾਰੇ ਜਾਗਰੂਕਤਾ ਵੱਧ ਰਹੀ ਹੈ, ਉਂਝ ਹੀ ਧੋਖੇਬਾਜ਼ ਵੀ ਨਵੀਆਂ ਤਕਨੀਕਾਂ ਦਾ ਸਹਾਰਾ ਲੈ ਰਹੇ ਹਨ। ਜ਼ਿਆਦਾਤਰ ਲੋਕ ਆਨਲਾਈਨ ਠੱਗੀ ਦਾ ਸ਼ਿਕਾਰ ਹੋ ਰਹੇ ਹਨ। ਅਹਿਮਦਾਬਾਦ ਦੇ ਇਕ ਸਾਫਟਵੇਅਰ ਇੰਜੀਨੀਅਰ ਨਾਲ ਮੈਟਰੀਮੋਨੀਅਲ ਸਾਈਟ ਰਾਹੀਂ ਠੱਗੀ ਵੱਜੀ।

ਇਹ ਸਾਫਟਵੇਅਰ ਇੰਜੀਨੀਅਰ ਮੈਟਰੀਮੋਨੀਅਲ ਸਾਈਟ ਰਾਹੀਂ ਇਕ ਔਰਤ ਨੂੰ ਮਿਲਿਆ ਅਤੇ ਉਸ ਦੀ ਸਲਾਹ ‘ਤੇ ਕ੍ਰਿਪਟੋਕਰੰਸੀ ਵਿਚ ਲਗਭਗ 1 ਕਰੋੜ ਰੁਪਏ ਦਾ ਨਿਵੇਸ਼ ਕੀਤਾ। ਉਹ ਔਰਤ ਇਕ ਧੋਖੇਬਾਜ਼ ਨਿਕਲੀ, ਜਿਸ ਦੇ ਜਾਲ ਵਿਚ ਫਸ ਕੇ ਉਸਨੇ ਆਪਣਾ ਸਾਰਾ ਪੈਸਾ ਗੁਆ ਦਿੱਤਾ। ਦੱਸ ਦਈਏ ਕਿ ਗਾਂਧੀਨਗਰ ਦੀ ਇਕ ਕੰਪਨੀ ‘ਚ ਕੰਮ ਕਰਦੇ ਇਕ ਸਾਫਟਵੇਅਰ ਇੰਜੀਨੀਅਰ ਨੇ ਸ਼ਨੀਵਾਰ ਨੂੰ ਸਾਈਬਰ ਕ੍ਰਾਈਮ ਪੁਲਿਸ ਨਾਲ ਸੰਪਰਕ ਕੀਤਾ ਅਤੇ ਕਿਹਾ ਕਿ ਉਹ ਕ੍ਰਿਪਟੋਕਰੰਸੀ ਘੁਟਾਲੇ ਦਾ ਸ਼ਿਕਾਰ ਹੋਇਆ ਹੈ।

ਕੁਲਦੀਪ ਪਟੇਲ ਨਾਮ ਦੇ ਪੀੜਤ ਨੇ ਐਫਆਈਆਰ ਵਿਚ ਖੁਲਾਸਾ ਕੀਤਾ ਹੈ ਕਿ ਉਹ ਜੂਨ ਮਹੀਨੇ ਵਿਚ ਇੱਕ ਮੈਟਰੀਮੋਨੀਅਲ ਸਾਈਟ ‘ਤੇ ਅਦਿਤੀ ਨਾਮ ਦੀ ਔਰਤ ਨੂੰ ਮਿਲਿਆ ਸੀ। ਅਦਿਤੀ ਨੇ ਉਸ ਨੂੰ ਦੱਸਿਆ ਕਿ ਉਸਦਾ ਬ੍ਰਿਟੇਨ ਵਿਚ ਇੰਪੋਰਟ-ਐਕਸਪੋਰਟ ਦਾ ਕਾਰੋਬਾਰ ਹੈ। ਉਹ ਚੰਗਾ ਮੁਨਾਫਾ ਵੀ ਕਮਾ ਸਕਦਾ ਹੈ, ਇਸ ਲਈ ਉਸ ਨੂੰ ‘ਬੈਨੋਕਾਈਨ’ ‘ਚ ਨਿਵੇਸ਼ ਕਰਨਾ ਹੋਵੇਗਾ। ਅਦਿਤੀ ਦੀ ਮੰਨ ਕੇ ਪਟੇਲ ਨੇ ‘ਬੈਨੋਕਾਈਨ ਗਾਹਕ ਸੇਵਾ ਪ੍ਰਤੀਨਿਧੀ’ ਨਾਲ ਗੱਲ ਕੀਤੀ। ਫਿਰ ਉਸ ਨੇ ਆਪਣੀ ਵੈੱਬਸਾਈਟ ‘ਤੇ ਆਪਣੇ ਆਪ ਨੂੰ ਰਜਿਸਟਰ ਕੀਤਾ ਅਤੇ ਚੰਗੇ ਰਿਟਰਨ ਦੀ ਉਮੀਦ ਵਿਚ ਪੈਸਾ ਲਗਾਉਣਾ ਸ਼ੁਰੂ ਕਰ ਦਿੱਤਾ।

ਪਹਿਲੇ 1 ਲੱਖ ਰੁਪਏ ਦੇ ਨਿਵੇਸ਼ ਨੇ ਉਸਦੇ ਕ੍ਰਿਪਟੋ ਖਾਤੇ ਵਿਚ 78 USDT (US Dollar Tether) ਦਾ ਮੁਨਾਫਾ ਦਿਖਾਇਆ। ਫਿਰ ਉਸ ਨੇ ਵੱਧ ਰਕਮ 18 ਵਾਰ ਨਿਵੇਸ਼ ਕੀਤੀ। ਸਾਰੇ ਨਿਵੇਸ਼ 20 ਜੁਲਾਈ ਤੋਂ 31 ਅਗਸਤ ਦੇ ਵਿਚਕਾਰ ਕੀਤੇ ਗਏ ਸਨ। ਜਦੋਂ ਪਟੇਲ ਨੇ 3 ਸਤੰਬਰ ਨੂੰ ਆਪਣੇ ਖਾਤੇ ਵਿੱਚੋਂ 2.59 ਲੱਖ ਰੁਪਏ ਕਢਵਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਦੱਸਿਆ ਗਿਆ ਕਿ ਉਸ ਦਾ ਖਾਤਾ ਫ੍ਰੀਜ਼ ਕਰ ਦਿੱਤਾ ਗਿਆ ਹੈ।

ਪਟੇਲ ਨੇ ਫਿਰ ਗਾਹਕ ਸੇਵਾ ਪ੍ਰਤੀਨਿਧੀ ਨਾਲ ਸੰਪਰਕ ਕੀਤਾ, ਜਿਸ ਨਾਲ ਉਸ ਨੇ ਪਹਿਲਾਂ ਗੱਲ ਕੀਤੀ ਸੀ। ਗਾਹਕ ਸੇਵਾ ਪ੍ਰਤੀਨਿਧੀ ਨੇ ਖਾਤੇ ਨੂੰ ਡੀ-ਫ੍ਰੀਜ਼ ਕਰਨ ਲਈ 35 ਲੱਖ ਰੁਪਏ ਵਾਧੂ ਨਿਵੇਸ਼ ਕਰਨ ਲਈ ਕਿਹਾ। ਇਸ ਤੋਂ ਬਾਅਦ ਜਦੋਂ ਪਟੇਲ ਨੇ ਅਦਿਤੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਕੋਈ ਜਵਾਬ ਨਹੀਂ ਦਿੱਤਾ। ਫਿਰ ਉਸ ਨੂੰ ਅਹਿਸਾਸ ਹੋਇਆ ਕਿ ਉਸ ਨਾਲ ਧੋਖਾ ਹੋਇਆ ਹੈ।