ਹੁਸ਼ਿਆਰਪੁਰ। ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡ ਰਾਜਪੁਰ ਭਾਈਆਂ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵਲੋਂ ਗੁਰਦੁਆਰਾ ਸਾਹਿਬ ‘ਚ ਅੱਗਜ਼ਨੀ ਅਤੇ ਬੇਅਦਬੀ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਇਕ ਅਨੋਖਾ ਯੰਤਰ ਤਿਆਰ ਕਰਕੇ ਲਗਾਇਆ ਗਿਆ ਹੈ। ਇਸ ਵਿਚ ਲੱਗੇ ਸੈਂਸਰ ਗੁਰਦੁਆਰਾ ਸਾਹਿਬ ਦੀ ਰਾਖੀ ਦਾ ਕੰਮ ਕਰਦੇ ਹਨ।
ਜਾਣਕਾਰੀ ਦਿੰਦਿਆਂ ਗੁਰਦਆਰਾ ਸਾਹਿਬ ਦੇ ਪ੍ਰਬੰਧਕ ਨੇ ਦੱਸਿਆ ਕਿ ਇਸ ਯੰਤਰ ਨੂੰ ਲਗਾਉਣ ਲਈ ਕੁੱਲ 6 ਲੱਖ ਰੁਪਏ ਦਾ ਖਰਚ ਆਇਆ ਹੈ ਤੇ ਇਸਨੂੰ ਜੀਰੇ ਤੋਂ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਹੂਟਰ ਲੱਗਾ ਹੋਇਆ ਹੈ। ਜਦੋਂ ਕੋਈ ਵੀ ਵਿਅਕਤੀ ਬੇਅਦਬੀ ਜਾਂ ਚੋਰੀ ਦੀ ਘਟਨਾ ਨੂੰ ਅੰਜਾਮ ਦੇਵੇਗਾ ਤਾਂ ਇਹ ਹੂਟਰ ਆਪਣੇ ਆਪ ਹੀ ਵੱਜ ਜਾਵੇਗਾ।
ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ‘ਚ ਜੇਕਰ ਅਗਰਬੱਤੀਆਂ ਵੀ ਬਾਲ ਦਿੱਤੀਆਂ ਜਾਣ ਤਾਂ ਇਸ ਵਿਚ ਲੱਗੇ ਸੈਂਸਰ ਇੰਨੇ ਤੇਜ਼ ਹਨ ਕਿ ਇਹ ਉਸਦੇ ਧੂੰਏਂ ਕਰਕੇ ਵੀ ਹੂਟਰ ਨੂੰ ਵਜਾ ਦੇਣਗੇ, ਜਿਸ ਨਾਲ ਅੱਗਜ਼ਨੀ ਦੀਆਂ ਘਟਨਾਵਾਂ ‘ਤੇ ਵੀ ਕਾਬੂ ਪਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਗੁਰੂ ਘਰ ‘ਚ ਲੱਗਿਆ ਚੰਦੋਆ ਸਾਹਿਬ ਵੀ ਵਿਸੇ਼ਸ਼ ਆਕਰਸ਼ਣ ਦਾ ਕੇਂਦਰ ਬਣਿਆ ਹੋਇਆ ਹੈ ਤੇ ਇਸਨੂੰ ਵੇਖਣ ਲਈ ਲੋਕ ਦੂਰ ਦੁਰਾਡਿਆਂ ਤੋਂ ਆਉਂਦੇ ਹਨ।