ਅਨੋਖਾ ਮਾਮਲਾ ! ਆਪਣੀ ਹੀ ਜ਼ਮੀਨ ‘ਚੋਂ ਝੋਨਾ ਵੰਡਣ ‘ਤੇ 80 ਸਾਲ ਦੀ ਬਜ਼ੁਰਗ ਮਾਤਾ ‘ਤੇ ਪੁਲਿਸ ਨੇ ਕੀਤਾ ਪਰਚਾ

0
655

ਫਿਰੋਜ਼ਪੁਰ, 8 ਨਵੰਬਰ | ਇਥੇ ਪੁਲਿਸ ਦਾ ਅਨੋਖਾ ਕਾਰਨਾਮਾ ਸਾਹਮਣੇ ਆਇਆ ਹੈ। ਜਿਥੇ ਇੱਕ 80 ਸਾਲ ਦੀ ਬਜ਼ੁਰਗ ਮਾਤਾ ਜੋ ਚੰਗੀ ਤਰ੍ਹਾਂ ਤੁਰ ਫਿਰ ਵੀ ਨਹੀਂ ਸਕਦੀ, ਉਸ ਉੱਪਰ ਜਬਰੀ ਝੋਨਾ ਵੱਢਣ ਦਾ ਮਾਮਲਾ ਦਰਜ ਕੀਤਾ ਹੈ। ਪ੍ਰੈੱਸ ਕਾਨਫਰੰਸ ਦੌਰਾਨ ਗੱਲਬਾਤ ਕਰਦੇ ਹੋਏ 80 ਸਾਲ ਦੀ ਬਜ਼ੁਰਗ ਮਾਤਾ ਮਹਿੰਦਰ ਕੌਰ ਨੇ ਰੌਂਦੇ ਹੋਏ ਦੱਸਿਆ ਕਿ ਉਹ ਫਿਰੋਜ਼ਪੁਰ ਦੇ ਪਿੰਡ ਗੱਟੀ ਰਹੀਮੇ ਕੇ ਦੇ ਰਹਿਣ ਵਾਲੀ ਹੈ

ਪੁਲਿਸ ਨੇ ਉਨ੍ਹਾਂ ਦੀ ਹੀ ਜ਼ਮੀਨ ਉੱਤੇ ਝੋਨਾ ਵੱਢਣ ਨੂੰ ਲੈਕੇ ਉਸ ਦੇ ਪੁੱਤਰਾਂ ਅਤੇ ਉਸ ਉੱਪਰ ਝੂਠਾ ਮਾਮਲਾ ਦਰਜ ਕੀਤਾ ਹੈ, ਜਦਕਿ ਮਾਲਕੀ ਰਿਕਾਰਡ ਵਿਚ ਜ਼ਮੀਨ ਉਸ ਦੇ ਨਾਮ ਬੋਲਦੀ ਹੈ। ਮਾਤਾ ਨੇ ਦੱਸਿਆ ਕਿ ਸੁਰਜੀਤ ਸਿੰਘ ਪੁੱਤਰ ਕੱਕਾ ਸਿੰਘ ਜੋ ਐਸ.ਸੀ. ਵਿੰਗ ਦਾ ਬਲਾਕ ਪ੍ਰਧਾਨ ਹੈ, ਵੱਲੋਂ ਪੰਚਾਇਤੀ ਚੋਣਾਂ ਦੀ ਰੰਜਿਸ਼ ਨੂੰ ਲੈ ਕੇ ਲਗਾਤਾਰ ਉਨ੍ਹਾਂ ਉੱਤੇ ਝੂਠੇ ਪਰਚੇ ਦਰਜ ਕਰਵਾਏ ਜਾ ਰਹੇ ਹਨ ਤੇ ਸਾਡੀ ਜ਼ਮੀਨ ਉੱਤੇ ਕਬਜ਼ਾ ਕਰਨ ਲਈ ਲਗਾਤਾਰ ਧੱਕੇਸ਼ਾਹੀ ਕੀਤੀ ਜਾ ਰਹੀ ਹੈ, ਜਿਸ ਸਬੰਧੀ ਉਹ ਕਈ ਵਾਰ ਪੁਲਿਸ ਅੱਗੇ ਗੁਹਾਰ ਲਗਾ ਚੁੱਕੇ ਹਨ ਪਰ ਪੁਲਿਸ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਇਹ ਸਭ ਬਲਾਕ ਪ੍ਰਧਾਨ ਦਬਾਅ ਪਾਕੇ ਕਰਵਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਮਾਲ ਵਿਭਾਗ ਕੋਲੋਂ ਬਾਰੀਕੀ ਨਾਲ ਜਾਂਚ ਕਰਾਈ ਜਾਵੇ ਅਤੇ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇ।

ਦੂਸਰੇ ਪਾਸੇ ਜਦੋਂ ਇਸ ਮਾਮਲੇ ਨੂੰ ਲੈਕੇ ਥਾਣਾ ਸਦਰ ਦੇ ਐਸਐਚਓ ਜਸਵੰਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਚੌਕੀ ਇੰਚਾਰਜ ਕੁਲਵੰਤ ਸਿੰਘ ਨੂੰ ਸੁਰਜੀਤ ਸਿੰਘ ਨੇ ਬਿਆਨ ਲਿਖਾਏ ਸਨ ਕਿ ਜੋਗਿੰਦਰ ਦੇ ਪਰਿਵਾਰ ਨੇ ਕੁੱਝ ਅਣਪਛਾਤੇ ਵਿਅਕਤੀਆਂ ਨੂੰ ਨਾਲ ਲੈ ਕੇ ਜਬਰੀ ਉਸਦਾ ਝੋਨਾ ਵੱਢਿਆ ਹੈ। ਜਿਸ ਦੇ ਬਿਆਨਾਂ ‘ਤੇ ਇਹ ਪਰਚਾ ਦਰਜ ਕੀਤਾ ਗਿਆ ਹੈ ਪਰ ਫਿਰ ਵੀ ਉਹ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਾਉਣਗੇ ਜੇਕਰ ਪੀੜਤ ਪਰਿਵਾਰ ਸਹੀ ਪਾਇਆ ਗਿਆ ਤਾਂ ਉਨ੍ਹਾਂ ਨੂੰ ਇਨਸਾਫ਼ ਜ਼ਰੂਰ ਦਿੱਤਾ ਜਾਵੇਗਾ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)