PGI ਚੰਡੀਗੜ੍ਹ ਦੇ ਨਹਿਰੂ ਹਸਪਤਾਲ ‘ਚ ਲੱਗੀ ਭਿਆਨਕ ਅੱਗ; ਮਰੀਜ਼ਾਂ ‘ਚ ਮਚੀ ਹਫੜਾ-ਦਫੜੀ

0
292

ਚੰਡੀਗੜ੍ਹ, 10 ਅਕਤੂਬਰ | ਚੰਡੀਗੜ੍ਹ ਵਿਚ ਪੀਜੀਆਈ ਦੇ ਨਹਿਰੂ ਹਸਪਤਾਲ ਵਿਚ ਰਾਤ ਨੂੰ ਭਿਆਨਕ ਅੱਗ ਲੱਗ ਗਈ। ਨਹਿਰੂ ਹਸਪਤਾਲ ਦੇ ਗਰਾਊਂਡ ਫਲੌਰ ‘ਤੇ ਯੂ.ਪੀ.ਐਸ. ‘ਚ ਲੱਗੀ ਅੱਗ ਤੇਜ਼ੀ ਨਾਲ ਸਾਰੀਆਂ ਮੰਜ਼ਿਲਾਂ ‘ਚ ਫੈਲ ਗਈ।

ਸਿਵਲ ਡਿਫੈਂਸ ਵਿਭਾਗ ਚੰਡੀਗੜ੍ਹ ਦੇ ਸੰਜੀਵ ਕੋਹਲੀ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਨਹਿਰੂ ਹਸਪਤਾਲ ਦੀ ਪਹਿਲੀ ਮੰਜ਼ਿਲ ‘ਤੇ ਅੱਗ ਲੱਗ ਗਈ ਹੈ। ਅਸੀਂ ਤੁਰੰਤ ਮੌਕੇ ‘ਤੇ ਪਹੁੰਚ ਗਏ। ਅੱਗ ਲੱਗਣ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ। ਹਸਪਤਾਲ ਦੇ ਅੰਦਰ ਮੌਜੂਦ ਸਾਰੇ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਅੱਗ ਬੁਝਾਉਣ ਲਈ ਕਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ।

ਦੂਜੇ ਪਾਸੇ ਅੱਗ ਲੱਗਣ ਤੋਂ ਬਾਅਦ ਕਰੇਨ ਦੀ ਮਦਦ ਨਾਲ ਮਰੀਜ਼ਾਂ ਨੂੰ ਬਾਹਰ ਕੱਢਿਆ ਗਿਆ। ਪੀਜੀਆਈ ਦੇ ਡਾਇਰੈਕਟਰ ਡਾਕਟਰ ਵਿਵੇਕ ਲਾਲ ਨੇ ਦੱਸਿਆ ਕਿ ਕੰਪਿਊਟਰ ਰੂਮ ਵਿਚ ਅੱਗ ਲੱਗ ਗਈ ਸੀ। ਹਸਪਤਾਲ ਪ੍ਰਬੰਧਨ ਨੇ ਤੁਰੰਤ ਕਾਰਵਾਈ ਕਰਦਿਆਂ ਸਾਰੇ ਮਰੀਜ਼ਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਮੁਸਤੈਦੀ ਦਿਖਾਈ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ।

ਜਾਣਕਾਰੀ ਅਨੁਸਾਰ ਫਾਇਰ ਬ੍ਰਿਗੇਡ ਨੂੰ ਰਾਤ ਕਰੀਬ ਸਾਢੇ 12 ਵਜੇ ਅੱਗ ਲੱਗਣ ਦੀ ਸੂਚਨਾ ਦਿੱਤੀ ਗਈ। ਹਸਪਤਾਲ ਦੇ ਸਾਰੇ ਸੁਰੱਖਿਆ ਗਾਰਡਾਂ ਨੇ ਐਮਰਜੈਂਸੀ ਰਸਤਾ ਬੰਦ ਕਰ ਦਿੱਤਾ ਸੀ। ਅੱਗ ਦੇ ਮੱਦੇਨਜ਼ਰ ਬੀ ਅਤੇ ਸੀ ਬਲਾਕ ਨੂੰ ਜਾਣ ਵਾਲੀਆਂ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ।