ਬਠਿੰਡਾ | ਇਥੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਬੀਤੀ ਦੇਰ ਰਾਤ ਸੰਤਪੁਰਾ ਰੋਡ ’ਤੇ ਓਵਰਬ੍ਰਿਜ ਕੋਲ ਸੜਕ ’ਤੇ ਰੱਖੇ ਪੁਲਿਸ ਬੈਰੀਕੇਡਾਂ ਨੇੜੇ ਇਕ ਤੇਜ਼ ਰਫ਼ਤਾਰ ਬਾਈਕ ਤੇ ਆਟੋ ਦੀ ਸਿੱਧੀ ਟੱਕਰ ਹੋ ਗਈ। ਹਾਦਸੇ ‘ਚ ਬਾਈਕ ਦੇ ਪਰਖੱਚੇ ਉੱਡ ਗਏ ਤੇ ਆਟੋ ਕਈ ਪਲਟੀਆਂ ਖਾ ਕੇ ਰੇਲਵੇ ਲਾਈਨਾਂ ਨੇੜੇ ਜਾ ਡਿੱਗਿਆ। ਘਟਨਾ ‘ਚ ਬਾਈਕ ਸਵਾਰ 2 ਵਿਅਕਤੀਆਂ ਦੇ ਸਿਰ ਬੁਰੀ ਤਰ੍ਹਾਂ ਨਾਲ ਖੁੱਲ੍ਹ ਗਏ ਤੇ ਹੱਥ-ਪੈਰ ਟੁੱਟ ਗਏ। ਉਹ ਬੁਰੀ ਤਰ੍ਹਾਂ ਲਹੂ-ਲੁਹਾਣ ਹੋ ਗਏ। ਇਸ ਦੇ ਨਾਲ ਹੀ ਆਟੋ ‘ਚ ਸਵਾਰ 2 ਸਵਾਰੀਆਂ ਵੀ ਗੰਭੀਰ ਜ਼ਖ਼ਮੀ ਹੋ ਗਈਆਂ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਮਾਜ ਸੇਵੀ ਸੰਸਥਾ ਯੂਥ ਵੈਲਫੇਅਰ ਸੁਸਾਇਟੀ ਦੇ 4 ਐਂਬੂਲੈਂਸ ਟੀਮ ਮੈਂਬਰ ਨੀਰਜ ਸਿੰਗਲਾ, ਅਤੁਲ ਜੈਨ, ਸਾਹਿਬ ਸਿੰਘ, ਯਾਦਵਿੰਦਰ ਕੰਗ, ਹਰਪ੍ਰੀਤ ਸਿੰਘ ਨੋਨੀ, ਹਰਸ਼ਿਤ ਚਾਵਲਾ, ਸਫਲ ਗੋਇਲ ਤੁਰੰਤ ਮੌਕੇ ‘ਤੇ ਪਹੁੰਚ ਗਏ।
ਸੰਸਥਾ ਵੱਲੋਂ ਐਂਬੂਲੈਂਸ ਰਾਹੀਂ ਸਾਰਿਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ। ਜਿੱਥੇ 2 ਬਾਈਕ ਸਵਾਰਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਜ਼ਖ਼ਮੀਆਂ ਦੀ ਪਛਾਣ ਅਭਿਸ਼ੇਕ (25) ਪੁੱਤਰ ਐਸਕੇ, ਐਸਕੇ ਸ਼ੰਕਰ (50) ਪੁੱਤਰ ਚਿੰਕੂ ਪ੍ਰਸਾਦ ਵਾਸੀ ਐਨਐਫਐਲ ਟਾਊਨਸ਼ਿਪ ਵਜੋਂ ਹੋਈ ਹੈ ਜਦਕਿ ਮ੍ਰਿਤਕਾਂ ਦੀ ਪਛਾਣ ਰਣਜੀਤ ਕੁਮਾਰ (24) ਪੁੱਤਰ ਬੰਟੀ ਸਿੰਘ ਵਾਸੀ ਜਨਤਾ ਨਗਰ ਅਤੇ ਅਨਿਲ ਕੁਮਾਰ (26) ਪੁੱਤਰ ਵੀਰ ਸਿੰਘ ਵਾਸੀ ਜਨਤਾ ਨਗਰ ਵਜੋਂ ਹੋਈ ਹੈ। ਆਟੋ ਸਵਾਰ ਦਿੱਲੀ ਤੋਂ ਆਏ ਸਨ ਅਤੇ ਰੇਲਵੇ ਸਟੇਸ਼ਨ ਤੋਂ ਬਠਿੰਡਾ ਐਨਐਫਐਲ ਟਾਊਨਸ਼ਿਪ ਸਥਿਤ ਆਪਣੇ ਘਰ ਨੂੰ ਜਾ ਰਹੇ ਸਨ ਜਦੋਂਕਿ ਮੋਟਰਸਾਈਕਲ ਸਵਾਰ ਸਟੇਸ਼ਨ ਵੱਲ ਜਾ ਰਹੇ ਸਨ। ਜ਼ਖਮੀਆਂ ਅਤੇ ਮ੍ਰਿਤਕਾਂ ਪਾਸੋਂ ਮਿਲੇ ਦੋ ਮੋਬਾਇਲ, ਇੱਕ ਲੈਪਟਾਪ ਅਤੇ ਬੈਗ ਆਦਿ ਨੂੰ ਸੰਸਥਾ ਦੇ ਮੈਂਬਰਾਂ ਵੱਲੋਂ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸੌਂਪ ਦਿੱਤਾ ਗਿਆ।