ਤਲਵੰਡੀ ਭਾਈ। ਦੇਰ ਰਾਤ ਸ਼ੇਰ ਖਾਂ ਵਿਚ ਭਿਆਨਕ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਸ਼ੇਰ ਖਾਂ ਦੇ ਬੱਸ ਸਟੈਂਡ ਨੇੜੇ ਹੋਇਆ। ਮ੍ਰਿਤਕ ਦੀ ਪਛਾਣ ਜਸ਼ਨਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਸਾਂਦੇ ਹਾਸ਼ਮ ਵਜੋਂ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਜਸ਼ਨਪ੍ਰੀਤ ਲੰਘੀ ਰਾਤ ਇਕ ਵਿਆਹ ਸਮਾਗਮ ਤੋਂ ਵਾਪਸ ਆ ਰਿਹਾ ਸੀ। ਇਸੇ ਦੌਰਾਨ ਜਦੋਂ ਉਹ ਪਿੰਡ ਸ਼ੇਰ ਖਾਂ ਦੇ ਬੱਸ ਸਟੈਂਡ ਉਤੇ ਪਹੁੰਚਿਆ ਤਾਂ ਉਸਦੀ ਕਾਰ ਅਚਾਨਕ ਬਿਜਲੀ ਦੇ ਖੰਭੇ ਨਾਲ ਟਕਰਾਉਣ ਤੋਂ ਬਾਅਦ ਦਰੱਖਤ ਨਾਲ ਟਕਰਾ ਕੇ ਖੇਤਾਂ ਵਿਚ ਡਿਗ ਪਈ, ਜਿਸ ਕਾਰਨ ਗੰਭੀਰ ਸੱਟਾਂ ਲੱਗਣ ਕਾਰਨ ਉਸਦੀ ਮੌਤ ਹੋ ਗਈ।
ਦੁੱਖ ਦੀ ਗੱਲ ਇਹ ਹੈ ਕਿ ਮ੍ਰਿਤਕ ਨੌਜਵਾਨ ਜਸ਼ਨਪ੍ਰੀਤ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ। ਬੇਟੇ ਦੀ ਖਬਰ ਮਿਲਣ ਦੇ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ।