ਗੁਰਾਇਆ। ਪੰਜਾਬ ਵਿਚ ਆਏ ਦਿਨ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ, ਸ਼ਾਇਦ ਹੀ ਕੋਈ ਅਜਿਹਾ ਦਿਨ ਹੋਵੇ, ਜਦੋਂ ਕਿਸੇ ਦਾ ਮਰਡਰ ਨਾ ਹੋਇਆ ਹੋਵੇ। ਅਜਿਹਾ ਹੀ ਇਕ ਤਾਜਾ ਮਾਮਲਾ ਗੁਰਾਇਆ ਤੋਂ ਸਾਹਮਣੇ ਆਇਆ ਹੈ। ਜਿਥੇ ਮਾਮੂਲੀ ਤਕਰਾਰ ਤੋਂ ਬਾਅਦ ਮਾਪਿਆਂ ਦੇ ਜਵਾਨ ਪੁੱਤ ਦਾ ਕਤਲ ਕਰ ਦਿੱਤਾ ਗਿਆ।
ਜਾਣਕਾਰੀ ਮੁਤਾਬਿਕ ਕਰਨ ਮੁਹੰਮਦ ਪੁੱਤਰ ਬੂਟਾ ਮੁਹੰਮਦ, ਜੋ ਕੇ ਵਾਲੀਬਾਲ ਤੇ ਫੁੱਟਬਾਲ ਦਾ ਇਕ ਹੋਣਹਾਰ ਖਿਡਾਰੀ ਸੀ, ਦੀ ਕੁਝ ਨੌਜਵਾਨਾਂ ਨਾਲ ਮਾਮੂਲੀ ਬਹਿਸ ਹੋ ਗਈ, ਜਿਸ ਤੋਂ ਬਾਅਦ ਕੁਝ ਨੌਜਵਾਨਾਂ ਨੇ ਮਿਲ ਕੇ ਉਸਨੂੰ ਗੰਡਾਸਿਆਂ ਨਾਲ ਵੱਢ ਦਿੱਤਾ। ਇਕ ਦਾਤ ਕਰਨ ਦੇ ਸਿਰ ਵਿਚ ਵੀ ਮਾਰਿਆ ਗਿਆ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। ਜਿਸ ਤੋਂ ਬਾਅਦ ਉਸਨੂੰ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।
2 ਦਿਨ ਹਸਪਤਾਲ ਵਿਚ ਰਹਿਣ ਤੋਂ ਬਾਅਦ ਲੰਘੇ ਦਿਨ ਉਸਦੀ ਮੌਤ ਹੋ ਗਈ। ਇਸਤੋਂ ਬਾਅਦ ਪੁਲਿਸ ਨੇ ਮੰਗਾ ਸਿੰਘ ਪੁੱਤਰ ਸਤਨਾਮ ਸਿੰਘ, ਵਰਿੰਦਰ ਸਿੰਘ ਪੁੱਤਰ ਮੰਗਾ ਸਿੰਘ, ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਇੰਦਰਜੀਤ ਸਿੰਘ ਖਿਲਾਫ ਮਾਮਲਾ ਦਰਜ ਕਰਦੇ ਹੋਏ ਆਰੋਪੀ ਮੰਗਾ ਸਿੰਘ ਪੁੱਤਰ ਸਤਨਾਮ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।
ਦੂਜੇ ਪਾਸੇ ਕਰਨ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਆਰੋਪੀਆਂ ਨੂੰ ਫੜਿਆ ਨਹੀਂ ਜਾਂਦਾ, ਉਦੋਂ ਤੱਕ ਉਸਨੂੰ ਸਪੁਰਦ-ਏ-ਖਾਕ ਨਹੀਂ ਕੀਤਾ ਜਾਵੇਗਾ।