ਅਕਾਲੀ ਦਲ ਸੰਯੁਕਤ ਨੂੰ ਜ਼ੋਰਦਾਰ ਝਟਕਾ ; ਸ਼੍ਰੋਮਣੀ ਕਮੇਟੀ ਮੈਂਬਰ ਮਹਿੰਦਰ ਸਿੰਘ ਹੁਸੈਨਪੁਰ ਮੁੜ ਅਕਾਲੀ ਦਲ ’ਚ ਹੋਏ ਸ਼ਾਮਲ

0
499

ਚੰਡੀਗੜ੍ਹ | ਅਕਾਲੀ ਦਲ ਸੰਯੁਕਤ ਨੂੰ ਅੱਜ ਉਸ ਵੇਲੇ ਜ਼ੋਰਦਾਰ ਝਟਕਾ ਲੱਗਾ ਜਦੋਂ ਸੀਨੀਅਰ ਅਕਾਲੀ ਆਗੂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਲਾਚੌਰ ਤੋਂ ਮੈਂਬਰ ਸਰਦਾਰ ਮਹਿੰਦਰ ਸਿੰਘ ਹੁਸੈਨਪੁਰ ਅੱਜ ਆਪਣੇ ਪਰਿਵਾਰ ਤੇ ਸਮਰਥਕਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਮੁੜ ਅਕਾਲੀ ਦਲ ਵਿਚ ਸ਼ਾਮਲ ਹੋ ਗਏ।
ਤਿੰਨ ਵਾਰ ਸ਼੍ਰੋਮਣੀ ਕਮੇਟੀ ਮੈਂਬਰ ਚੁਣੇ ਗਏ ਹੁਸੈਨਪੁਰ ਇਸ ਵੇਲੇ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਮੀਤ ਪ੍ਰਧਾਨ ਸਨ, ਜੋ ਆਪਣੇ ਪੁੱਤਰ ਬਰਜਿੰਦਰ ਸਿੰਘ ਹੁਸੈਨਪੁਰ ਜੋ ਨਰੋਆ ਪੰਜਾਬ ਜਥੇਬੰਦੀ ਦੇ ਸਰਪ੍ਰਸਤੀ ਹਨ, ਸਮੇਤ ਮੁੜ ਅਕਾਲੀ ਦਲ ਵਿਚ ਸ਼ਾਮਲ ਹੋਏ ਹਨ।
ਇਸ ਮੌਕੇ ਜ਼ਿਲ੍ਹੇ ਦੇ ਪਿੰਡ ਹੁਸੈਨਪੁਰ ਵਿਚ ਸਮਾਗਮ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹਨਾਂ ਦੀ ਵਾਪਸੀ ਨਾਲ ਅਕਾਲੀ ਦਲ ਹੋਰ ਮਜ਼ਬੂਤ ਹੋਵੇਗਾ ਤੇ ਇਹ ਸਿੱਖ ਕੌਮ ਤੇ ਸਿੱਖ ਸੰਸਥਾਵਾਂ ਖਿਲਾਫ ਵਿੱਢੇ ਹਮਲੇ ਨੂੰ ਰੋਕਣ ਨੂੰ ਪੰਥਕ ਏਕਤਾ ਦੇ ਯਤਨਾਂ ਦੀ ਕੜੀ ਹੈ।

ਉਹਨਾਂ ਕਿਹਾ ਕਿ ਸਰਕਾਰਾਂ, ਏਜੰਸੀਆਂ ਤੇ ਕੁਝ ਪਾਰਟੀਆਂ ਰਲ ਕੇ ਸ਼੍ਰੋਮਣੀ ਕਮੇਟੀ ਨੂੰ ਤੋੜਨ ’ਤੇ ਲੱਗੇ ਹਨ। ਮਹਿੰਦਰ ਸਿੰਘ ਹੁਸੈਨਪੁਰ ਦਾ ਅਕਾਲੀ ਦਲ ਵਿਚ ਸ਼ਾਮਲ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਇਹ ਸਾਜ਼ਿਸ਼ਾਂ ਸਫਲ ਨਹੀਂ ਹੋਣਗੀਆਂ। ਅਕਾਲੀ ਦਲ ਹਮੇਸ਼ਾ ਪੰਥ ਅਤੇ ਪੰਜਾਬ ਦੇ ਲੋਕਾਂ ਦੀ ਆਵਾਜ਼ ਰਿਹਾ ਹੈ। ਅਸੀਂ ਪੰਜਾਬ ਦੀਆਂ ਖੇਤਰੀ ਇੱਛਾਵਾਂ ਦੀ ਰਾਖੀ ਵਾਸਤੇ ਡਟੇ ਹਾਂ। ਇਸੇ ਕਾਰਨ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੇ ਯਤਨ ਕੀਤੇ ਜਾ ਰਹੇ ਹਨ, ਜੋ ਪੰਜਾਬੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰਨਗੇ।
ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਦਲ ਨੇ ਕਿਹਾ ਕਿ ਪਾਰਟੀ ਜਿਸ ਨੇ ’ਇਕ ਮੌਕਾ’ ਮੰਗ ਕੇ ਪੰਜਾਬੀਆਂ ਨੂੰ ਗੁੰਮਰਾਹ ਕੀਤਾ ਤੇ ਸੂਬੇ ਵਿਚ ਸੱਤਾ ਹਾਸਲ ਕੀਤੀ, ਉਸ ਨੇ ਹੁਣ ਆਪਣਾ ਨਾਅਰਾ ਬਦਲ ਕੇ ’ਲੁੱਟ ਲੋ ਪੰਜਾਬ’ ਕਰ ਲਿਆ ਹੈ। ਪੰਜਾਬ ਦੇ ਸਾਰੇ ਸਰੋਤ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਹੁਕਮਾਂ ’ਤੇ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਚੋਣਾਂ ਲਈ ਬਰਬਾਦ ਕੀਤੇ ਜਾ ਰਹੇ ਹਨ। ਆਪ ਸਰਕਾਰ ਦਾ 800 ਕਰੋੜ ਰੁਪਏ ਦਾ ਸ਼ਰਾਬ ਘੋਟਾਲਾ ਪਹਿਲਾਂ ਹੀ ਬੇਨਕਾਬ ਹੋ ਚੁੱਕਾ ਹੈ, ਆਪ ਦੇ ਮੰਤਰੀ ਤੇ ਵਿਧਾਇਕ ਵੀ ਵਿਆਪਕ ਗੈਰਕਾਨੂੰਨੀ  ਮਾਇਨਿੰਗ ਦੇ ਨਾਲ ਨਾਲ ਤਬਾਦਲਿਆਂ ਤੇ ਤਾਇਨਾਤੀਆਂ ਲਈ ਰਿਸ਼ਵਤਾਂ ਮੰਗ ਕੇ ਭ੍ਰਿਸ਼ਟਾਚਾਰ ਕਰ ਰਹੇ ਹਨ। ਉਹਨਾਂ ਕਿਹਾ ਕਿ ਅਸੀਂ ਵੇਖਿਆ ਹੈ ਕਿ ਕਿਵੇਂ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਫਿਰੌਤੀਆਂ ਵਸੂਲਣ ਵਿਚ ਬੇਨਕਾਬ ਹੋ ਚੁੱਕੇ ਹਨ ਪਰ ਫਿਰ ਵੀ ਆਪ ਸਰਕਾਰ ਉਹਨਾਂ ਦਾ ਬਚਾਅ ਕਰ ਰਹੀ ਹੈ। ਇਸੇ ਤਰੀਕੇ ਗੈਰ ਕਾਨੂੰਨੀ ਰੇਤ ਮਾਇਨਿੰਗ, ਸ਼ਰਾਬ ਦੀ ਸਮਗਲਿੰਗ ਆਦਿ ਮਾਮਲਿਆਂ ਵਿਚ ਸ਼ਾਮਲ ਵਿਧਾਇਕਾਂ ਖਿਲਾਫ ਕਾਰਵਾਈ ਨਹੀਂ ਕੀਤੀ ਜਾ ਰਹੀ।
ਇਸ ਮੌਕੇ ਸੀਨੀਅਰ ਆਗੁ ਸਰਦਾਰ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਪੰਥ ਅਕਾਲੀ ਦਲ ਦੇ ਬੈਨਰ ਹੇਠ ਇਕਜੁੱਟ ਹੋ ਕੇ ਉਹਨਾਂ ਪੰਥ ਵਿਰੋਧੀ ਤਾਕਤਾਂ ਨੂੰ ਮੂੰਹ ਤੋੜਵਾਂ ਜਵਾਬ ਦੇਵੇਗਾ ਜੋ ਸ਼੍ਰੋਮਣੀ ਕਮੇਟੀ ’ਤੇ ਕਬਜ਼ਾ ਕਰ ਕੇ ਸਿੱਖ ਕੌਮ ਨੂੰ ਵੰਡਣਾ ਚਾਹੁੰਦੀਆਂ ਹਨ। ਇਸ ਮੌਕੇ ਡਾ. ਸੁਖਵਿੰਦਰ ਕੁਮਾਰ, ਜਰਨੈਲ ਸਿੰਘ ਵਾਹਿਦ ਤੇ ਸੁਨੀਤਾ ਚੌਧਰੀ ਵੀ ਹਾਜ਼ਰ ਸਨ।