ਫਿਰੋਜ਼ਪੁਰ | ਪਿੰਡ ਫਤਹਿਗੜ ਸਭਰਾਵਾਂ ਵਿਖੇ ਜ਼ਮੀਨੀ ਝਗੜੇ ਨੂੰ ਲੈ ਗੋਲੀਆਂ ਚੱਲੀਆਂ ਹਨ। ਇਸ ਝਗੜੇ ਵਿਚ ਤਾਏ-ਭਤੀਜੇ ਦੀ ਮੌਤ ਹੋ ਗਈ ਹੈ। ਇਸ ਨਾਲ ਦੋ ਵਿਅਕਤੀ ਗੰਭੀਰ ਜ਼ਖਮੀ ਵੀ ਹੋਏ ਹਨ। ਇਹ ਸਾਰਾ ਮਾਮਲਾ ਸੀਸੀਟੀਵੀ ਵਿਚ ਕੈਦ ਹੋ ਗਿਆ ਹੈ। ਮ੍ਰਿਤਕ ਦੇ ਪਰਿਵਾਰ ਨੇ ਦੱਸਿਆ ਕਿ 6 ਕਨਾਲ ਜ਼ਮੀਨ ਨੂੰ ਲੈ ਕੇ ਪਿੰਡ ਦੇ ਲੋਕਾਂ ਨੇ ਤਾਬੜਤੋੜ ਗੋਲੀਆਂ ਚਲਾਈਆਂ ,ਜਿਸ ਨਾਲ ਬਲਰਾਜ ਸਿੰਘ 18 ਸਾਲ ਤੇ ਬਲਵਿੰਦਰ ਸਿੰਘ 60 ਸਾਲ ਦੀ ਮੌਤ ਹੋ ਗਈ, ਜਦਕਿ ਪ੍ਰਗਟ ਸਿੰਘ ਨਾਂਅ ਦਾ ਵਿਅਕਤੀ ਜ਼ਖਮੀ ਹੋ ਗਿਆ।
ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਿੰਡ ਫਤਿਹਗੜ੍ਹ ਸਭਰਾਵਾਂ ਵਿੱਚ ਛੇ ਕਨਾਲ ਜ਼ਮੀਨ ਹੈ। ਪਿੰਡ ਦੇ ਕੁਝ ਲੋਕ ਉਨ੍ਹਾਂ ਦੀ ਜ਼ਮੀਨ ‘ਤੇ ਜ਼ਬਰਦਸਤੀ ਕਬਜ਼ਾ ਕਰਨਾ ਚਾਹੁੰਦੇ ਸਨ, ਜਦਕਿ ਜ਼ਮੀਨ ਦੇ ਦਸਤਾਵੇਜ਼ ਉਨ੍ਹਾਂ ਦੇ ਨਾਂ ‘ਤੇ ਹਨ ਅਤੇ ਕਬਜ਼ਾ ਵੀ ਉਨ੍ਹਾਂ ਦਾ ਹੈ। ਵੀਰਵਾਰ ਨੂੰ ਕਰੀਬ 15 ਵਿਅਕਤੀ ਹਥਿਆਰਾਂ ਨਾਲ ਲੈਸ ਖੇਤਾਂ ‘ਚ ਆਏ। ਮੁਲਜ਼ਮਾਂ ਨੇ ਖੇਤ ਵਿੱਚ ਟਰੈਕਟਰ ਨਾਲ ਜ਼ਮੀਨ ਵਾਹੁਣੀ ਸ਼ੁਰੂ ਕਰ ਦਿੱਤੀ।
ਜਦੋਂ ਉਨ੍ਹਾਂ ਨੇ ਵਿਰੋਧ ਕੀਤਾ ਤਾਂ ਮੁਲਜ਼ਮਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਬਲਰਾਜ ਸਿੰਘ (23) ਪੁੱਤਰ ਪ੍ਰਗਟ ਸਿੰਘ ਅਤੇ ਬਲਵਿੰਦਰ ਸਿੰਘ (65) ਦੀ ਛਾਤੀ ’ਤੇ ਸੱਟ ਲੱਗੀ, ਜਿਸ ਕਾਰਨ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਬਲਵਿੰਦਰ ਦੇ ਭਰਾ ਜਸਵੰਤ ਸਿੰਘ (60) ਦੀ ਲੱਤ ਵਿੱਚ ਗੋਲੀ ਲੱਗੀ ਹੈ। ਉਸ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਮ੍ਰਿਤਕਾਂ ਦੇ ਪਰਿਵਾਰ ਨੇ ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਤੇ ਉਸਦੇ ਰਿਸ਼ਤੇਦਾਰ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਇਹਨਾਂ ਦੀ ਸ਼ਹਿ ਤੇ ਅੱਜ ਗੋਲੀ ਚੱਲੀ ਹੈ। ਸੂਚਨਾ ਮਿਲਦੇ ਹੀ ਐਸਐਸਪੀ ਸੁਰਿੰਦਰ ਲਾਂਬਾ ਅਤੇ ਹੋਰ ਪੁਲੀਸ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਐੱਸਐੱਸਪੀ ਸੁਰਿੰਦਰ ਲਾਂਬਾ ਦਾ ਕਹਿਣਾ ਹੈ ਕਿ ਜ਼ਮੀਨ ਨੂੰ ਲੈ ਕੇ ਦੋਵਾਂ ਧਿਰਾਂ ਵਿੱਚ ਕਾਫੀ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਪੀੜਤਾਂ ਦੇ ਬਿਆਨ ਦਰਜ ਕਰਕੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।








































