ਦਰਦਨਾਕ ਹਾਦਸਾ ! ਪੇਪਰ ਦੇਣ ਜਾ ਰਹੀਆਂ ਨਨਾਣ-ਭਰਜਾਈ ਨੂੰ ਟੈਂਕਰ ਨੇ ਬੁਰੀ ਤਰ੍ਹਾਂ ਦਰੜਿਆ

0
163

ਰਾਜਸਥਾਨ, 29 ਸਤੰਬਰ | ਅਲਵਰ ਸ਼ਹਿਰ ਦੇ ਸ਼ਿਵਾਜੀ ਪਾਰਕ ਥਾਣਾ ਖੇਤਰ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਬਹਿਰੋੜ ਰੋਡ ਉਤੇ ਦੁਸਹਿਰਾ ਗਰਾਊਂਡ ਨੇੜੇ ਇਕ ਤੇਲ ਟੈਂਕਰ ਨੇ ਬਾਈਕ ਨੂੰ ਲਪੇਟੇ ਵਿਚ ਲੈ ਲਿਆ ਅਤੇ ਕਰੀਬ 200 ਮੀਟਰ ਤੱਕ ਘਸੀਟਿਆ।

ਬਾਈਕ ਸਵਾਰ ਨੌਜਵਾਨ ਆਪਣੀ ਪਤਨੀ, ਭੈਣ ਅਤੇ 9 ਮਹੀਨੇ ਦੀ ਬੇਟੀ ਨਾਲ ਜਾ ਰਿਹਾ ਸੀ। ਇਸ ਦੌਰਾਨ ਵਾਪਰੇ ਹਾਦਸੇ ‘ਚ ਨੌਜਵਾਨ ਦੀ ਪਤਨੀ ਅਤੇ ਭੈਣ ਦੀ ਮੌਕੇ ਉਤੇ ਹੀ ਮੌਤ ਹੋ ਗਈ, ਜਦਕਿ ਉਹ ਖੁਦ ਅਤੇ ਉਸ ਦੀ ਬੇਟੀ ਗੰਭੀਰ ਜ਼ਖਮੀ ਹੋ ਗਏ। ਉਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।

ਸ਼ਿਵਾਜੀ ਪਾਰਕ ਥਾਣਾ ਇੰਚਾਰਜ ਰਾਜਪਾਲ ਸਿੰਘ ਅਨੁਸਾਰ ਹਾਦਸੇ ‘ਚ ਜ਼ਖਮੀ ਸ਼ੈਲੇਂਦਰ (27) ਟ੍ਰੈਫਿਕ ਪੁਲਿਸ ਦੇ ਹੈੱਡ ਕਾਂਸਟੇਬਲ ਗਿਰਰਾਜ ਸਿੰਘ ਦਾ ਪੁੱਤਰ ਹੈ। ਉਹ ਆਪਣੀ ਪਤਨੀ ਵੀਰਵਤੀ (26) ਅਤੇ ਭੈਣ ਸਰਸਵਤੀ (23) ਨੂੰ ਪ੍ਰੀਖਿਆ ਕੇਂਦਰ ਛੱਡਣ ਲਈ ਵਿਜੇ ਮੰਦਰ ਥਾਣਾ ਖੇਤਰ ਦੇ ਪਿੰਡ ਟੇਹੜਪੁਰ ਤੋਂ ਨਿਕਲਿਆ ਸੀ। ਅਲਵਰ ਸ਼ਹਿਰ ‘ਚ ਦਾਖਲ ਹੋਣ ਤੋਂ ਬਾਅਦ ਦੁਸਹਿਰਾ ਗਰਾਊਂਡ ਨੇੜੇ ਪਿੱਛੇ ਤੋਂ ਆ ਰਹੇ ਇਕ ਤੇਲ ਟੈਂਕਰ ਨੇ ਉਸ ਨੂੰ ਕੁਚਲ ਦਿੱਤਾ ਅਤੇ ਕਰੀਬ 200 ਮੀਟਰ ਤੱਕ ਘਸੀਟਦਾ ਰਿਹਾ।

ਇਸ ਹਾਦਸੇ ‘ਚ ਸ਼ੈਲੇਂਦਰ ਦੀ ਪਤਨੀ ਵੀਰਵਤੀ ਅਤੇ ਭੈਣ ਸਰਸਵਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਸ਼ੈਲੇਂਦਰ ਅਤੇ ਉਸ ਦੀ 9 ਮਹੀਨੇ ਦੀ ਬੇਟੀ ਵੰਸ਼ਿਕਾ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਦੋਵਾਂ ਦੀਆਂ ਲੱਤਾਂ ਅਤੇ ਬਾਹਾਂ ਵਿਚ ਫਰੈਕਚਰ ਹੋ ਗਿਆ ਹੈ। ਸ਼ੈਲੇਂਦਰ ਦੀ ਪਤਨੀ ਵੀਰਵਤੀ ਦੀ ਸੀਈਟੀ ਪ੍ਰੀਖਿਆ ਦੇਸੁਲਾ ਵਿੱਚ ਸੀ ਅਤੇ ਭੈਣ ਸਰਸਵਤੀ ਦਾ ਪ੍ਰੀਖਿਆ ਕੇਂਦਰ ਮਲਖੇੜਾ ਵਿੱਚ ਸੀ। ਪਰ ਇਸ ਤੋਂ ਪਹਿਲਾਂ ਹੀ ਇਹ ਦਰਦਨਾਕ ਹਾਦਸਾ ਵਾਪਰ ਗਿਆ।

ਘਟਨਾ ਦੀ ਸੂਚਨਾ ਮਿਲਦੇ ਹੀ ਅਲਵਰ ਸ਼ਹਿਰ ‘ਚ ਡਿਊਟੀ ‘ਤੇ ਤਾਇਨਾਤ ਸ਼ੈਲੇਂਦਰ ਦੇ ਪਿਤਾ ਹੈੱਡ ਕਾਂਸਟੇਬਲ ਗਿਰਰਾਜ ਸਿੰਘ ਤੁਰੰਤ ਹਸਪਤਾਲ ਪਹੁੰਚੇ। ਮੌਕੇ ਉਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਹ ਹਾਦਸਾ ਦੁਪਹਿਰ 12.30 ਵਜੇ ਦੇ ਕਰੀਬ ਵਾਪਰਿਆ ਅਤੇ 30 ਮਿੰਟ ਬਾਅਦ ਪੁਲਿਸ ਟੀਮ ਪਹੁੰਚੀ। ਟੈਂਕਰ ਦੇ ਹੇਠਾਂ ਬਾਈਕ ਬੁਰੀ ਤਰ੍ਹਾਂ ਫਸ ਗਈ। ਹਾਦਸੇ ਤੋਂ ਬਾਅਦ ਸ਼ੈਲੇਂਦਰ ਅਤੇ ਉਨ੍ਹਾਂ ਦੀ ਬੇਟੀ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।