ਖੰਨਾ ‘ਚ ਦਰਦਨਾਕ ਹਾਦਸਾ ! ਟਰੱਕ ਨੇ ਮਾਂ ਤੇ ਇਕ ਸਾਲ ਦੇ ਬੱਚੇ ਨੂੰ ਬੁਰੀ ਤਰ੍ਹਾਂ ਕੁਚਲਿਆ, ਮੌਕੇ ‘ਤੇ ਦੋਵਾਂ ਦੀ ਮੌਤ

0
399

ਲੁਧਿਆਣਾ, 10 ਅਕਤੂਬਰ | ਖੰਨਾ ‘ਚ ਨੈਸ਼ਨਲ ਹਾਈਵੇ ‘ਤੇ ਦਰਦਨਾਕ ਸੜਕ ਹਾਦਸਾ ਵਾਪਰਿਆ। ਦੋਰਾਹਾ ਨਹਿਰ ਦੇ ਪੁਲ ‘ਤੇ ਇਕ ਟਰੱਕ ਨੇ ਇਕ ਔਰਤ ਤੇ ਉਸ ਦੇ ਇਕ ਸਾਲ ਦੇ ਮਾਸੂਮ ਬੱਚੇ ਨੂੰ ਕੁਚਲ ਦਿੱਤਾ। ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਔਰਤ ਦਾ ਪਤੀ ਤੇ ਦੋ ਹੋਰ ਬੱਚੇ ਮੌਤ ਤੋਂ ਬਚ ਗਏ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।

ਲੁਧਿਆਣਾ ਦੇ ਰਹਿਣ ਵਾਲੇ ਰਾਮੂ ਵਰਮਾ ਨੇ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ ਜ਼ੀਰਕਪੁਰ ਵਿਚ ਹੋ ਰਿਹਾ ਹੈ। ਉਹ ਸਕੂਟਰ ‘ਤੇ ਜਾ ਰਿਹਾ ਸੀ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਮੀਨੂੰ ਵਰਮਾ (35) ਅਤੇ ਤਿੰਨ ਬੇਟੇ ਸਨ। ਦੋਰਾਹਾ ਨਹਿਰ ਦੇ ਪੁਲ ’ਤੇ ਪਿੱਛੇ ਤੋਂ ਆ ਰਹੇ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਪਤਨੀ ਆਪਣੀ ਗੋਦੀ ‘ਚ ਇਕ ਸਾਲ ਦੇ ਬੱਚੇ ਸਮੇਤ ਸੜਕ ‘ਤੇ ਡਿੱਗ ਗਈ। ਟਰੱਕ ਨੇ ਦੋਵਾਂ ਨੂੰ ਕੁਚਲ ਦਿੱਤਾ। ਲੋਕਾਂ ਨੇ ਰੌਲਾ ਪਾਇਆ ਪਰ ਕਿਸੇ ਨੇ ਪਿੱਛਾ ਕਰ ਕੇ ਟਰੱਕ ਡਰਾਈਵਰ ਨੂੰ ਨਹੀਂ ਫੜਿਆ।

ਦੋਰਾਹਾ ਥਾਣੇ ਦੇ ਏਐਸਆਈ ਸਤਪਾਲ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਤਾਂ ਉਹ ਮੌਕੇ ’ਤੇ ਪੁੱਜੇ। ਔਰਤ ਅਤੇ ਬੱਚੇ ਦੀ ਮੌਤ ਹੋ ਗਈ ਸੀ। ਟਰੱਕ ਡਰਾਈਵਰ ਦਾ ਪਤਾ ਲਗਾਉਣ ਲਈ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾਵੇਗੀ। ਫਿਲਹਾਲ ਦੋਵੇਂ ਲਾਸ਼ਾਂ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਰਾਮੂ ਵਰਮਾ ਦੇ ਬਿਆਨ ਦਰਜ ਕਰ ਕੇ ਐਫਆਈਆਰ ਦਰਜ ਕੀਤੀ ਜਾ ਰਹੀ ਹੈ।