ਮੰਦਰ ਤੋਂ ਘਰ ਜਾ ਰਹੇ ਨਵ-ਵਿਆਹੇ ਜੋੜੇ ਨੂੰ ਤੇਜ਼ ਰਫਤਾਰ ਕਾਰ ਨੇ ਮਾਰੀ ਟੱਕਰ, ਸਰੀਰ ਤੋਂ ਵੱਖ ਹੋਈ ਪਤੀ ਦੀ ਲੱਤ

0
709

ਜਲੰਧਰ | ਸ਼ਹਿਰ ਦੇ ਕਿਸ਼ਨਪੁਰਾ ਚੌਕ ਅਤੇ ਲੰਮਾ ਪਿੰਡ ਚੌਕ ਦੇ ਵਿਚਕਾਰ ਪੈਂਦੇ ਸੰਤੋਖਪੁਰਾ ਵਿਖੇ ਦੇਰ ਰਾਤ ਮੋਟਰਸਾਈਕਲ ‘ਤੇ ਮੰਦਰ ਤੋਂ ਘਰ ਜਾ ਰਹੇ ਨਵ-ਵਿਆਹੇ ਜੋੜੇ ਨੂੰ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮੋਟਰਸਾਈਕਲ ਸਵਾਰ ਨੌਜਵਾਨ ਦੀ ਲੱਤ ਸਰੀਰ ਤੋਂ ਵੱਖ ਹੋ ਗਈ ਅਤੇ ਹੱਡੀਆਂ ਸੜਕ ‘ਤੇ ਖਿੱਲਰ ਗਈਆਂ।

ਕਾਰ ਚਲਾ ਰਿਹਾ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ। ਜਦਕਿ ਲੋਕਾਂ ਨੇ ਕਾਰ ‘ਚ ਬੈਠੇ 2 ਨੌਜਵਾਨਾਂ ਨੂੰ ਫੜ ਕੇ ਕੁੱਟਮਾਰ ਕੀਤੀ। ਲੋਕਾਂ ਨੇ ਜ਼ਖਮੀ ਨੌਜਵਾਨ ਅਤੇ ਉਸ ਦੀ ਪਤਨੀ ਨੂੰ ਤੁਰੰਤ ਪਠਾਨਕੋਟ ਰੋਡ ‘ਤੇ ਸਥਿਤ ਇਕ ਨਿੱਜੀ ਹਸਪਤਾਲ ਪਹੁੰਚਾਇਆ। ਮੌਕੇ ’ਤੇ ਪੁੱਜੀ ਪੁਲਿਸ ਨੇ ਕਾਬੂ ਕੀਤੇ ਨੌਜਵਾਨਾਂ ਨੂੰ ਆਪਣੇ ਨਾਲ ਥਾਣੇ ਲੈ ਗਈ।

ਚਸ਼ਮਦੀਦਾਂ ਮੁਤਾਬਕ ਨੌਜਵਾਨ 2 ਗੱਡੀਆਂ ‘ਚ ਸਵਾਰ ਹੋ ਕੇ ਜਾ ਰਹੇ ਸਨ। ਸਕੋਡਾ ਕਾਰ ਦੇ ਨਾਲ ਬਰਿਜ਼ਾ ਗੱਡੀ ਵੀ ਸੀ। ਉਸ ‘ਚ ਕੁੜੀਆਂ ਤੇ ਨੌਜਵਾਨ ਵੀ ਸਨ। ਹਾਦਸੇ ਤੋਂ ਬਾਅਦ ਬਰਿਜ਼ਾ ਗੱਡੀ ‘ਚ ਸਵਾਰ ਨੌਜਵਾਨ ਕਾਰ ਚਲਾ ਰਹੇ ਨੌਜਵਾਨ ਨੂੰ ਭਜਾ ਕੇ ਲੈ ਗਏ। ਲੋਕਾਂ ਨੇ ਦੱਸਿਆ ਕਿ ਬਰਿਜ਼ਾ ਗੱਡੀ ‘ਚ ਸਵਾਰ ਨੌਜਵਾਨਾਂ ਨੇ ਹਾਦਸੇ ਤੋਂ ਬਾਅਦ ਗੁੰਡਾਗਰਦੀ ਦਿਖਾਈ।

ਉਨ੍ਹਾਂ ਨੇ ਲੋਕਾਂ ਦੀ ਕੁੱਟਮਾਰ ਵੀ ਕੀਤੀ ਅਤੇ ਪਿਸਤੌਲ ਦਿਖਾ ਕੇ ਗੋਲੀ ਮਾਰਨ ਦੀ ਧਮਕੀ ਦਿੱਤੀ। ਇਸ ਤੋਂ ਬਾਅਦ ਉਹ ਬਰਿਜ਼ਾ ਗੱਡੀ ਭਜਾ ਕੇ ਲੈ ਗਏ। ਜਦੋਂ ਕਿ ਕਾਰ ‘ਚ ਸਵਾਰ 2 ਨੌਜਵਾਨਾਂ ਨੂੰ ਲੋਕਾਂ ਨੇ ਫੜ ਲਿਆ ਅਤੇ ਜ਼ਬਰਦਸਤੀ ਕੁੱਟਮਾਰ ਕੀਤੀ। ਫੜੇ ਗਏ ਨੌਜਵਾਨ ਤਰਨਤਾਰਨ ਅਤੇ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਨਾਲ ਸਬੰਧਤ ਹਨ।

ਚਸ਼ਮਦੀਦਾਂ ਨੇ ਦੱਸਿਆ ਕਿ ਡਰਾਈਵਰ ਕਾਰ ਬਹੁਤ ਤੇਜ਼ੀ ਨਾਲ ਚਲਾ ਰਿਹਾ ਸੀ। ਉਹ ਲੰਮਾ ਪਿੰਡ ਤੋਂ ਕਿਸ਼ਨਪੁਰਾ ਵੱਲ ਜਾ ਰਿਹਾ ਸੀ। ਸੰਤੋਖਪੁਰਾ ਨੇੜੇ ਇਕ ਵਾਹਨ ਨੂੰ ਓਵਰਟੇਕ ਕਰਦੇ ਸਮੇਂ ਉਸ ਨੇ ਸਾਹਮਣਿਓਂ ਆ ਰਹੇ ਇਕ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਟੱਕਰ ਮਾਰਨ ਵਾਲੀ ਗੱਡੀ ਵਿੱਚ ਬੀਅਰ ਅਤੇ ਸ਼ਰਾਬ ਦੀਆਂ ਬੋਤਲਾਂ ਪਈਆਂ ਸਨ। ਜ਼ਾਹਿਰ ਹੈ ਕਿ ਨੌਜਵਾਨ ਸ਼ਰਾਬ ਦੇ ਨਸ਼ੇ ‘ਚ ਗੱਡੀ ਚਲਾ ਰਿਹਾ ਸੀ।