ਠੱਗੀ ਦਾ ਨਵਾਂ ਤਰੀਕਾ ! ਵਿਅਕਤੀ ਦੇ ਬੈਂਕ ਖਾਤੇ ‘ਚ ਆਪਣਾ ਨੰਬਰ ਅਟੈਚ ਕਰਵਾ ਠੱਗ ਨੇ ਕੱਢਵੇ 1.37 ਕਰੋੜ, ਮੋਬਾਈਲ ਬੈਂਕਿੰਗ ਰਾਹੀਂ ਕੀਤੇ ਟਰਾਂਸਫਰ

0
482

ਜਲੰਧਰ/ਲੁਧਿਆਣਾ, 23 ਸਤੰਬਰ | ਇਕ 56 ਸਾਲਾ ਵਿਅਕਤੀ ਨਾਲ ਕਰੀਬ 1.37 ਕਰੋੜ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਦਾ ਖਾਤਾ ਗੁਜਰਾਲ ਨਗਰ ਸਥਿਤ ਐਕਸਿਸ ਬੈਂਕ ਦੀ ਸ਼ਾਖਾ ਵਿੱਚ ਸੀ। ਲੁਧਿਆਣਾ ਦੇ ਇੱਕ ਵਿਅਕਤੀ ਨੇ ਪੀੜਤ ਦੇ ਖਾਤੇ ਵਿਚ ਉਸ ਦਾ ਨੰਬਰ ਅਟੈਚ ਕਰਵਾ ਲਿਆ ਅਤੇ ਫਿਰ ਹੌਲੀ-ਹੌਲੀ ਕਰੀਬ 1.37 ਕਰੋੜ ਰੁਪਏ ਕਢਵਾ ਲਏ।

ਇਸ ਮਾਮਲੇ ਵਿਚ ਪੀੜਤ ਸੁਦੇਸ਼ ਕੁਮਾਰ ਪੁੱਤਰ ਜਗਨਨਾਥ ਵਾਸੀ ਵਿਰਕ ਐਨਕਲੇਵ, ਵਡਾਲਾ ਚੌਕ ਦੇ ਬਿਆਨਾਂ ’ਤੇ ਥਾਣਾ ਡਵੀਜ਼ਨ ਨੰਬਰ 4 ਦੀ ਪੁਲੀਸ ਨੇ ਮੁਲਜ਼ਮ ਗੁਰਸੇਵਕ ਸਿੰਘ ਪੁੱਤਰ ਅਮਰ ਜੀਤ ਦੇ ਖ਼ਿਲਾਫ਼  ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਸਿਟੀ ਪੁਲਿਸ ਦੀ ਟੀਮ ਮੁਲਜ਼ਮ ਦੀ ਭਾਲ ਕਰ ਰਹੀ ਹੈ।

ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਪੀੜਤ ਸੁਦੇਸ਼ ਕੁਮਾਰ ਨੇ ਦੱਸਿਆ ਕਿ ਉਸ ਦਾ ਸ਼ਹਿਰ ਦੇ ਗੁਜਰਾਲ ਨਗਰ ਵਿਚ ਸਥਿਤ ਐਕਸਿਸ ਬੈਂਕ ਵਿਚ ਖਾਤਾ ਹੈ । 1 ਅਗਸਤ ਤੋਂ 5 ਅਗਸਤ ਦਰਮਿਆਨ ਉਸ ਦੇ ਨਿੱਜੀ ਖਾਤੇ ‘ਚੋਂ ਲਗਭਗ 1.37 ਕਰੋੜ ਰੁਪਏ ਛੋਟੀਆਂ ਰਕਮਾਂ ‘ਚ ਕਢਵਾਏ ਗਏ। ਜਦੋਂ ਪੀੜਤ ਨੇ ਬੈਂਕ ਤੋਂ ਸਟੇਟਮੈਂਟ ਹਾਸਲ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਕਿਸੇ ਹੋਰ ਵਿਅਕਤੀ ਨੇ ਆਪਣਾ ਨੰਬਰ ਬੈਂਕ ਤੋਂ ਉਸ ਦੇ ਖਾਤੇ ਨਾਲ ਜੋੜ ਦਿੱਤਾ ਹੈ।

ਪੀੜਤ ਨੇ ਦੱਸਿਆ ਕਿ ਫੋਨ ਨੰਬਰ ਲਿੰਕ ਹੋਣ ਤੋਂ ਬਾਅਦ ਮੁਲਜ਼ਮ ਨੇ ਉਸ ਦੇ ਖਾਤੇ ਬਾਰੇ ਸਾਰੀ ਜਾਣਕਾਰੀ ਹਾਸਲ ਕਰ ਲਈ ਸੀ। ਜਿਸ ਤੋਂ ਬਾਅਦ ਦੋਸ਼ੀ ਨੇ ਉਕਤ ਨੰਬਰ ਤੋਂ ਸੁਦੇਸ਼ ਦਾ ਮੋਬਾਇਲ ਬੈਂਕਿੰਗ ਉਸ ਦੇ ਫੋਨ ‘ਤੇ ਖੋਲ੍ਹਿਆ। ਫਿਰ ਮੁਲਜ਼ਮਾਂ ਨੇ ਕਰੀਬ 1 ਕਰੋੜ 37 ਲੱਖ 15 ਹਜ਼ਾਰ 310 ਰੁਪਏ ਵੱਖ-ਵੱਖ ਖਾਤਿਆਂ ਵਿਚ ਕਈ ਵਾਰ ਟਰਾਂਸਫਰ ਕੀਤੇ।

ਜਾਣਕਾਰੀ ਮੁਤਾਬਕ ਪੀੜਤ ਨੂੰ ਜਦੋਂ ਪੂਰੇ ਮਾਮਲੇ ਦਾ ਪਤਾ ਲੱਗਾ ਤਾਂ ਤੁਰੰਤ ਕਮਿਸ਼ਨਰੇਟ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ। ਜਲੰਧਰ ਸੈਂਟਰਲ ਦੇ ਏ.ਸੀ.ਪੀ ਨਿਰਮਲ ਸਿੰਘ ਵੱਲੋਂ ਮਾਮਲੇ ਦੀ ਜਾਂਚ ਤੋਂ ਬਾਅਦ ਮਾਮਲਾ ਦਰਜ ਕਰਨ ਦੇ ਹੁਕਮ ਦਿੱਤੇ ਗਏ ਸਨ। ਪੁਲਿਸ ਨੇ ਹੁਣ ਇਸ ਮਾਮਲੇ ਵਿਚ ਐਫਆਈਆਰ ਦਰਜ ਕਰ ਲਈ ਹੈ।