ਚੰਡੀਗੜ੍ਹ| ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵੀਡੀਓ ਮਾਮਲੇ ‘ਚ ਨਵਾਂ ਮੋੜ ਆ ਗਿਆ ਹੈ। ਜਿਨਸੀ ਸ਼ੋਸ਼ਣ ਮਾਮਲੇ ‘ਚ ਸ਼ਿਕਾਇਤਕਰਤਾ ਵਿਅਕਤੀ ਵੱਲੋਂ ਕਟਾਰੂਚੱਕ ਖਿਲਾਫ ਕਾਰਵਾਈ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ।
ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਇਕ ਨੌਜਵਾਨ ਦਾ ਜਿਨਸੀ ਸੋਸ਼ਣ ਕਰਨ ਦੇ ਮਾਮਲੇ ਵਿਚ ਪੀੜਤ ਕੇਸ਼ਵ ਕੁਮਾਰ ਨੇ ਇਸ ਮਾਮਲੇ ਵਿਚ ਬਣਾਈ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਅੱਗੇ ਪੇਸ਼ ਹੋ ਕੇ ਬਿਆਨ ਦਿੱਤਾ ਹੈ ਕਿ ਉਹ ਮੰਤਰੀ ਕਟਾਰੂਚੱਕ ਖਿਲਾਫ ਕੋਈ ਕਾਰਵਾਈ ਨਹੀਂ ਕਰਵਾਉਣਾ ਚਾਹੁੰਦਾ। ਮਿਲੀ ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਕੇਸ਼ਵ ਕੁਮਾਰ 9 ਜੂਨ ਨੂੰ ਐਸਆਈਟੀ ਅੱਗੇ ਪੇਸ਼ ਹੋਇਆ ਸੀ।
ਐਸਆਈਟੀ ਨੇ ਪੇਸ਼ੀ ਮੌਕੇ ਸ਼ਿਕਾਇਤਕਰਤਾ ਦੇ ਬਿਆਨ ਦੀ ਵੀਡੀਓਗ੍ਰਾਫੀ ਕਰਵਾਈ ਹੈ ਤੇ ਉਸਨੇ ਹਿੰਦੀ ਵਿਚ ਆਪਣਾ ਹਲਫੀਆ ਬਿਆਨ ਵੀ ਦਿੱਤਾ ਹੈ ਕਿ ਉਹ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕਰਵਾਉਣਾ ਚਾਹੁੰਦਾ। ਉਸਨੇ ਐਸਆਈਟੀ ਅੱਗੇ ਦਿੱਤੇ ਬਿਆਨ ਵਿਚ ਕੋਈ ਵੀ ਸੁਰੱਖਿਆ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਹੈ।
ਦੱਸਣਯੋਗ ਹੈ ਕਿ ਕੌਮੀ ਐਸਸੀ ਕਮਿਸ਼ਨ ਨੇ ਇਸ ਮਾਮਲੇ ਵਿਚ ਕਾਰਵਾਈ ਲਈ ਪੰਜਾਬ ਸਰਕਾਰ ਨੂੰ ਹਦਾਇਤ ਕੀਤੀ ਸੀ। ਪਰ ਹੁਣ ਐਸਆਈਟੀ ਨੇ ਤਰਕ ਦਿੱਤਾ ਹੈ ਕਿ ਮੰਤਰੀ ਕਟਾਰੂਚੱਕ ਆਪ ਐਸਸੀ ਵਰਗ ਨਾਲ ਸਬੰਧਤ ਹਨ। ਇਸ ਦੇ ਨਾਲ ਹੀ SIT ਨੇ SC ਕਮਿਸ਼ਨ ਨੂੰ ਪੂਰੇ ਮਾਮਲੇ ਦੀ ਰਿਪੋਰਟ ਭੇਜ ਦਿੱਤੀ ਹੈ।