ਦਿੱਲੀ ਦੇ ਅਸ਼ੋਕ ਵਿਹਾਰ ‘ਚ ਸਥਿਤ MCD ਸਕੂਲ ਦੇ ਕੰਪਲੈਕਸ ‘ਚੋਂ ਬਲਾਤਕਾਰ ਦੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਅਹਾਤੇ ਦੇ ਅੰਦਰ ਹੀ ਇਕ ਨਾਬਾਲਗ ਲੜਕੀ ਨਾਲ ਚਾਕੂ ਦੀ ਨੋਕ ‘ਤੇ ਬਲਾਤਕਾਰ ਕੀਤਾ ਗਿਆ। ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ 16 ਸਾਲਾ ਲੜਕੀ ਦੇ ਮਾਪਿਆਂ ਨੇ ਪੁਲਿਸ ਕੋਲ ਬਲਾਤਕਾਰ ਅਤੇ ਲੁੱਟ ਦੀ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਅਨੁਸਾਰ ਪੀੜਤ ਪਰਿਵਾਰ ਐਮਸੀਡੀ ਸਕੂਲ ਵਿੱਚ ਠੇਕਾ ਮਜ਼ਦੂਰ ਵਜੋਂ ਕੰਮ ਕਰਦਾ ਹੈ। ਐਮਸੀਡੀ ਸਕੂਲ ਵਿੱਚ ਕੁਝ ਦਿਨਾਂ ਤੋਂ ਕੰਮ ਬੰਦ ਸੀ ਪਰ ਪੀੜਤ ਪਰਿਵਾਰ ਇਮਾਰਤ ਦੇ ਅੰਦਰ ਹੀ ਰਹਿ ਰਿਹਾ ਸੀ।
ਮੰਗਲਵਾਰ ਨੂੰ ਮਾਤਾ-ਪਿਤਾ ਕੰਮ ਦੀ ਭਾਲ ‘ਚ ਕਿਤੇ ਹੋਰ ਗਏ ਹੋਏ ਸਨ। ਘਰ ਵਿੱਚ ਸਿਰਫ਼ ਦੋ ਧੀਆਂ ਹੀ ਮੌਜੂਦ ਸਨ। ਸਵੇਰੇ 11 ਵਜੇ ਦੇ ਕਰੀਬ ਇੱਕ ਲੜਕਾ ਜ਼ਬਰਦਸਤੀ ਘਰ ਅੰਦਰ ਵੜਿਆ। ਉਸ ਨੇ ਉਥੇ ਲੁੱਟਮਾਰ ਕੀਤੀ। ਫਿਰ ਰਸੋਈ ‘ਚ ਰੱਖਿਆ ਚਾਕੂ ਚੁੱਕ ਲਿਆ ਅਤੇ ਛੋਟੀ ਬੇਟੀ ਨਾਲ ਬਲਾਤਕਾਰ ਕੀਤਾ। ਫਿਰ ਉਹ ਉਥੋਂ ਫਰਾਰ ਹੋ ਗਿਆ।
ਜਬਰੀ ਅੰਦਰ ਵੜਣ ਦੇ ਕੋਈ ਸਬੂਤ ਨਹੀਂ
ਪੁਲਿਸ ਨੇ ਪੀੜਤ ਪਰਿਵਾਰ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਪੀੜਤ ਪਰਿਵਾਰ ਦਾ ਜਾਣਕਾਰ ਹੈ। ਕਿਉਂਕਿ ਜ਼ਬਰਦਸਤੀ ਘਰ ਵਿਚ ਦਾਖਲ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ ਹੈ। ਫਿਲਹਾਲ ਸਕੂਲ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਸਕੈਨਿੰਗ ਕੀਤੀ ਜਾ ਰਹੀ ਹੈ।