ਮੋਗਾ ਜ਼ਿਲ੍ਹੇ ਦੇ ਰਹਿਣ ਵਾਲੇ ਪਤੀ-ਪਤਨੀ ਦਾ ਅਮਰੀਕਾ ਦੇ ਕੈਲੇਫੋਰਨੀਆ ‘ਚ ਬੇਰਹਿਮੀ ਨਾਲ ਕਤਲ

0
971

ਮੈਨਟੀਕਾ (ਕੈਲੇਫੋਰਨੀਆਂ)| ਕੈਲੀਫੋਰਨੀਆ ਦੀ ਸੈਂਟਰਲਵੈਲੀ ਦੇ ਸ਼ਹਿਰ ਮੈਨਟੀਕੇ ਤੋਂ ਬੜੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਪੰਜਾਬੀ ਜੋੜੇ ਦੀ ਮੌਤ ਨੇ ਸਭ ਨੂੰ ਸੁੰਨ ਕਰ ਦਿੱਤਾ ਹੈ। ਲੋਕਲ ਖ਼ਬਰ ਮੁਤਾਬਿਕ ਡੇਵਿੱਡ ਸਟ੍ਰੀਟ ਦੇ 900 ਬਲਾਕ ਵਿੱਚੋਂ ਮੈਨਟੀਕਾ ਪੁਲਿਸ ਨੂੰ ਕਰੀਬ ਦੁਪਹਿਰ 12.24 ਕਾਲ ਆਈ, ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਉਨ੍ਹਾਂ ਅੱਧਖੜ ਉਮਰ ਦੀ ਔਰਤ ਨੂੰ ਗੋਲ਼ੀ ਨਾਲ ਮਰਿਆ ਹੋਇਆ ਪਾਇਆ। ਉਸ ਸਮੇਂ ਹੀ ਪਤੀ ਸ਼ੱਕੀ ਤੌਰ ‘ਤੇ ਪੁਲਿਸ ਦੀ ਰਡਾਰ ‘ਤੇ ਸੀ। ਉਸ ਪਿੱਛੋਂ ਪਤੀ ਦੀ ਲਾਸ਼ ਵੀ ਮੈਨਟੀਕੇ ਤੋਂ 55 ਮੀਲ ਦੂਰ ਸੈਂਟਾ-ਨੈਲਾ ਸ਼ਹਿਰ ਅਤੇ ਫਰੀਵੇਅ 5 ਦੇ ਨੇੜਲੇ ਖੇਤਾਂ ਵਿੱਚੋਂ ਮਿਲੀ।

ਤਹਿਕੀਕਾਤ ਮਗਰੋਂ ਪੁਲਿਸ ਇਸ ਥਿਊਰੀ ‘ਤੇ ਕੰਮ ਕਰ ਰਹੀ ਹੈ ਕਿ ਇਹ ਘਰੇਲੂ ਹਿੰਸਾ ਨਾਲ ਜੁੜਿਆ ਹੋਇਆ ਕੇਸ ਹੈ, ਅਤੇ ਲੱਗਦਾ ਹੈ ਕਿ ਪਤੀ ਨੇ ਪਹਿਲੋਂ ਘਰ ਵਿੱਚ ਪਤਨੀ ਨੂੰ ਗੋਲ਼ੀ ਮਾਰ ਕੇ ਮਾਰਿਆ, ਉਪਰੰਤ ਆਪ ਖ਼ੁਦਕੁਸ਼ੀ ਕਰ ਲਈ। ਲੋਕਲ ਪੰਜਾਬੀਆ ਨਾਲ ਗੱਲਬਾਤ ਕਰਕੇ ਪਤਾ ਲੱਗਿਆ ਕਿ ਕਤਲ ਹੋਈ ਔਰਤ ਦਾ ਨਾਮ ਸੰਦੀਪ ਕੌਰ ਹੈ, ਜਿਸਦਾ ਪਿਛਲਾ ਪਿੰਡ ਬੁੱਕਣਵਾਲਾ ਜਿਲ੍ਹਾ ਮੋਗਾ ਵਿੱਚ ਪੈਂਦਾ ਹੈ।

ਖ਼ੁਦਕੁਸ਼ੀ ਕਰਨ ਵਾਲੇ ਪਤੀ ਦਾ ਨਾਮ ਜਗਜੀਤ ਸਿੰਘ (44) ਹੈ, ਜੋ ਪਿੰਡ ਬੌਡੇ ਜ਼ਿਲ੍ਹਾ ਮੋਗਾ ਨਾਲ ਸਬੰਧਤ ਹੈ। ਦੋਵੇਂ ਪਿਛਲੇ ਪੰਦਰਾਂ ਸਾਲ ਤੋਂ ਵਿਆਹੇ ਹੋਏ ਹਨ, ਇਨ੍ਹਾਂ ਦੇ ਦੋ ਮੁੰਡੇ ਕ੍ਰਮਵਾਰ 6 ਸਾਲ ਅਤੇ ਚਾਰ ਸਾਲ ਹਨ। ਜਿਨ੍ਹਾਂ ਨੂੰ ਪੁਲਿਸ ਨੇ ਫੌਸਟਰ ਹੋਮ ਭੇਜ ਦਿੱਤਾ ਹੈ। ਪੰਜਾਬੀ ਭਾਈਚਾਰੇ ਵਿੱਚ ਇਹੋ ਜਿਹੀਆ ਵਧ ਰਹੀਆਂ ਘਟਨਾਵਾਂ ਕਾਰਨ ਹਰ ਕੋਈ ਚਿੰਤਤ ਹੈ। ਪਹਿਲੋਂ ਇਸ ਤਰ੍ਹਾਂ ਦੀ ਇੱਕ ਘਟਨਾ ਫਰਿਜ਼ਨੋ ਵਿੱਚ ਵਾਪਰੀ ਸੀ, ਫੇਰ ਓਹਾਇਓ ਅਤੇ ਹੁਣ ਮੈਨਟੀਕਾ।