ਬਿਹਾਰ | ਵਿਧਾਨ ਸਭਾ ਚੋਣਾਂ 2020 ਦੇ ਪਹਿਲੇ ਪੜਾਅ ਵਿੱਚ 16 ਜ਼ਿਲ੍ਹਿਆਂ ਦੀਆਂ 71 ਸੀਟਾਂ ‘ਤੇ ਸਖ਼ਤ ਸੁਰੱਖਿਆ ਵਿਚਾਲੇ ਵੋਟਿੰਗ ਜਾਰੀ ਹੈ। ਪਹਿਲੇ ਪੜਾਅ ਲਈ ਕੁੱਲ 1066 ਉਮੀਦਵਾਰ ਮੈਦਾਨ ਵਿੱਚ ਹਨ ਅਤੇ 2.14 ਕਰੋੜ ਤੋਂ ਵੱਧ ਵੋਟਰ ਆਪਣੀ ਵੋਟ ਪਾ ਰਹੇ ਹਨ।
ਇਸੇ ਵਿਚਾਲੇ ਇਨ੍ਹਾਂ ਚੋਣਾਂ ਦੇ ਮੱਦੇਨਜ਼ਰ ਪ੍ਰਧਾਨਮੰਤਰੀ ਮੋਦੀ ਵੱਲੋਂ ਇੱਕ ਖਾਸ ਅਪੀਲ ਕੀਤੀ ਗਈ ਹੈ। ਇਹ ਅਪੀਲ ਕਰਦਿਆਂ ਪੀਐਮ ਮੋਦੀ ਵੱਲੋਂ ਇੱਕ ਟਵੀਟ ਕੀਤਾ ਗਿਆ ਹੈ। ਪੀਐਮ ਮੋਦੀ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਅੱਜ ਵੋਟਿੰਗ ਦਾ ਪਹਿਲਾ ਗੇੜ ਹੈ । ਮੈਂ ਸਾਰੇ ਵੋਟਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਕੋਵਿਡ ਨਾਲ ਜੁੜੀਆਂ ਸਾਵਧਾਨੀਆਂ ਵਰਤਦਿਆਂ ਲੋਕਤੰਤਰ ਦੇ ਇਸ ਤਿਉਹਾਰ ਵਿੱਚ ਆਪਣੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ । ਦੋ ਗਜ਼ ਦੀ ਦੂਰੀ ਦਾ ਧਿਆਨ ਰੱਖੋ, ਮਾਸਕ ਜਰੂਰ ਪਾਓ। ਯਾਦ ਰੱਖੋ, ਪਹਿਲਾਂ ਵੋਟ, ਫਿਰ ਜਲਪਾਨ।
ਦੱਸ ਦੇਈਏ ਕਿ ਪਹਿਲੇ ਪੜਾਅ ਦੀਆਂ 71 ਵਿਧਾਨ ਸਭਾ ਸੀਟਾਂ ਲਈ ਅੱਜ ਵੋਟਿੰਗ ਚੱਲ ਰਹੀ ਹੈ। ਇਸ ਵਿੱਚ 2.14 ਕਰੋੜ ਤੋਂ ਵੱਧ ਵੋਟਰ 1066 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰ ਰਹੇ ਹਨ। ਬਿਹਾਰ ਚੋਣਾਂ ਦੇ ਪਹਿਲੇ ਪੜਾਅ ਦੀਆਂ 71 ਸੀਟਾਂ ਵਿੱਚੋਂ ਤੇਜਸ਼ਵੀ ਯਾਦਵ ਦੀ ਅਗਵਾਈ ਵਾਲੇ ਮਹਾਂਗਠਜੋੜ ਵੱਲੋਂ RJD 42 ਸੀਟਾਂ ‘ਤੇ ਚੋਣ ਲੜ ਰਹੀ ਹੈ, ਜਦੋਂ ਕਿ ਉਸ ਦੀ ਸਹਿਯੋਗੀ ਕਾਂਗਰਸ 21 ਅਤੇ ਸੀਪੀਆਈ ਮਾਲੇ 8 ਸੀਟਾਂ ‘ਤੇ ਚੋਣ ਲੜ ਰਹੇ ਹਨ।
ਉੱਥੇ ਹੀ ਦੂਜੇ ਪਾਸੇ ਨਿਤੀਸ਼ ਦੀ ਅਗਵਾਈ ਵਾਲੀ NDA ਵੱਲੋਂ JDU 35 ਸੀਟਾਂ ‘ਤੇ ਚੋਣ ਲੜ ਰਹੀ ਹੈ ਜਦਕਿ ਉਸ ਦੀ ਸਹਿਯੋਗੀ ਭਾਜਪਾ 29 ਸੀਟਾਂ, ਜੀਤਨਰਾਮ ਮਾਂਝੀ ਦੀ ਹਿੰਦੁਸਤਾਨ ਆਵਾਮ ਮੋਰਚਾ 6 ਅਤੇ ਵੀਆਈਪੀ ਇੱਕ ਸੀਟ ‘ਤੇ ਚੋਣ ਲੜ ਰਹੀ ਹੈ।