ਬਠਿੰਡਾ ਦਾ ਇੱਕ ਕਿਸਾਨ ਪ੍ਰਸ਼ਾਸਨਿਕ ਗਲਤੀ ਕਾਰਨ ਬਣਿਆ ਕਰੋੜਪਤੀ, ਪੜ੍ਹੋ ਕੀ ਹੈ ਪੂਰਾ ਮਾਮਲਾ

0
597

ਬਠਿੰਡਾ | ਇਥੇ ਦਾ ਇੱਕ ਕਿਸਾਨ ਪ੍ਰਸ਼ਾਸਨਿਕ ਗਲਤੀ ਕਾਰਨ ਅਮੀਰ ਹੋ ਗਿਆ। ਉਸ ਦੀ ਜ਼ਮੀਨ ਸ਼੍ਰੀ ਅੰਮ੍ਰਿਤਸਰ-ਬਠਿੰਡਾ-ਜਾਮ ਨਗਰ ਰੋਡ (NH 754 A) ਲਈ ਐਕੁਆਇਰ ਕੀਤੀ ਗਈ ਸੀ। ਜ਼ਮੀਨ ਦੇ ਮੁਆਵਜ਼ੇ ਵਜੋਂ 94 ਲੱਖ 43 ਹਜ਼ਾਰ 122 ਰੁਪਏ ਦੀ ਬਜਾਏ ਮਾਲ ਵਿਭਾਗ ਨੇ 9 ਕਰੋੜ 44 ਲੱਖ 33 ਹਜ਼ਾਰ 122 ਰੁਪਏ ਕਿਸਾਨ ਦੇ ਖਾਤੇ ਵਿੱਚ ਪਾ ਦਿੱਤੇ। ਕਿਸਾਨ ਨੇ ਪੈਸੇ ਕੱਢ ਕੇ ਜ਼ਮੀਨ ਖਰੀਦ ਲਈ। ਹੁਣ ਪੈਸੇ ਵਾਪਸ ਨਾ ਕਰਨ ‘ਤੇ ਕਿਸਾਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

ਜਾਣਕਾਰੀ ਅਨੁਸਾਰ ਬਠਿੰਡਾ ਜ਼ਿਲ੍ਹੇ ਦੇ ਪਿੰਡ ਭਾਈ ਰੂਪਾ ਵਿੱਚ ਪ੍ਰਸ਼ਾਸਨ ਨੇ ਸ੍ਰੀ ਅੰਮ੍ਰਿਤਸਰ-ਬਠਿੰਡਾ-ਜਾਮ ਨਗਰ ਐਕਸਪ੍ਰੈਸ ਵੇਅ ਲਈ ਕਿਸਾਨਾਂ ਦੀ ਜ਼ਮੀਨ ਐਕੁਆਇਰ ਕੀਤੀ ਸੀ। ਜ਼ਮੀਨ ਦੇ ਬਦਲੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਗਿਆ ਤਾਂ ਇੱਕ ਕਿਸਾਨ ਗੁਰਦੀਪ ਸਿੰਘ ਨੂੰ 94 ਲੱਖ 43 ਹਜ਼ਾਰ 122 ਰੁਪਏ ਦਿੱਤੇ ਜਾਣੇ ਸਨ। ਅਧਿਕਾਰੀਆਂ ਨੇ ਗਲਤੀ ਨਾਲ ਉਸ ਦੇ ਖਾਤੇ ‘ਚ 9 ਕਰੋੜ 44 ਲੱਖ 33 ਹਜ਼ਾਰ 122 ਰੁਪਏ ਪਾ ਦਿੱਤੇ। ਮਾਮਲਾ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਲਾਪ੍ਰਵਾਹੀ ਦਾ ਸੀ ਜਾਂ ਇਸ ਪਿੱਛੇ ਕੁਝ ਹੋਰ ਸੀ, ਇਹ ਅਜੇ ਤੱਕ ਸਾਹਮਣੇ ਨਹੀਂ ਆਇਆ।

ਜ਼ਿਲ੍ਹਾ ਮਾਲ ਅਫ਼ਸਰ (ਡੀਆਰਓ) ਸਰੋਜ ਅਗਰਵਾਲ ਨੇ ਕਿਸਾਨ ਗੁਰਦੀਪ ਸਿੰਘ ਦੇ ਭਰਾ ਰੂਪਾ ਖ਼ਿਲਾਫ਼ ਕੇਸ ਦਰਜ ਕੀਤਾ ਹੈ ਪਰ ਇਸ ਮਾਮਲੇ ਵਿੱਚ ਲਾਪਰਵਾਹੀ ਵਰਤਣ ਵਾਲੇ ਵਿਭਾਗ ਦੇ ਮੁਲਾਜ਼ਮਾਂ ਤੇ ਅਧਿਕਾਰੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਗਿਆ ਕਿ ਗੁਰਦੀਪ ਸਿੰਘ ਦੀ ਜ਼ਮੀਨ ਐੱਨ.ਐੱਚ.754 ਏ ਸ਼੍ਰੀ ਅੰਮ੍ਰਿਤਸਰ ਬਠਿੰਡਾ ਜਾਮਨਗਰ ਰੋਡ ਲਈ ਐਕੁਆਇਰ ਕੀਤੀ ਗਈ ਸੀ। ਇਸ ਦਾ ਮੁਆਵਜ਼ਾ 94 ਲੱਖ 43 ਹਜ਼ਾਰ 122 ਰੁਪਏ ਸੀ। ਉਨ੍ਹਾਂ ਦੱਸਿਆ ਕਿ ਮਾਲ ਵਿਭਾਗ ਨੇ ਗਲਤੀ ਨਾਲ ਗੁਰਦੀਪ ਸਿੰਘ ਦੇ ਖਾਤੇ ਵਿੱਚ 9 ਕਰੋੜ 44 ਲੱਖ 33 ਹਜ਼ਾਰ 122 ਰੁਪਏ ਜਮ੍ਹਾਂ ਕਰਵਾ ਦਿੱਤੇ।

ਕਿਸਾਨ ਨੇ ਸਿਰਫ਼ ਡੇਢ ਕਰੋੜ ਹੀ ਵਾਪਸ ਕੀਤੇ

ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਮੁਆਵਜ਼ੇ ਵਜੋਂ ਦਿੱਤੀ ਗਈ ਉਕਤ ਰਕਮ ਤੋਂ ਕਿਸਾਨ ਨੇ ਜ਼ਮੀਨ ਖਰੀਦੀ। ਹੁਣ ਜਦੋਂ ਵਿਭਾਗ ਨੂੰ ਕਾਫੀ ਸਮੇਂ ਬਾਅਦ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਉਨ੍ਹਾਂ ਨੇ ਕਿਸਾਨ ਤੋਂ ਵਾਧੂ ਰਕਮ ਵਸੂਲਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਿਸਾਨ ਨੇ ਪ੍ਰਸ਼ਾਸਨ ਨੂੰ ਕਰੀਬ ਡੇਢ ਕਰੋੜ ਰੁਪਏ ਵਾਪਸ ਕਰ ਦਿੱਤੇ ਹਨ, ਜਦਕਿ ਬਾਕੀ 7 ਕਰੋੜ 81 ਲੱਖ 28 ਹਜ਼ਾਰ 494 ਰੁਪਏ ਅਜੇ ਵੀ ਉਨ੍ਹਾਂ ਕੋਲ ਹਨ। ਪੁਲਿਸ ਨੇ ਡੀਆਰਓ ਦੀ ਸ਼ਿਕਾਇਤ ’ਤੇ ਕਿਸਾਨ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਜ਼ਿਲ੍ਹਾ ਮਾਲ ਅਫ਼ਸਰ ਨੇ ਦੱਸਿਆ ਕਿ ਡੀਸੀ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਉਕਤ ਕਿਸਾਨ ਦੇ ਖਾਤੇ ‘ਚ ਇੰਨੀ ਵੱਡੀ ਰਕਮ ਕਿਵੇਂ ਗਈ। ਇਹ ਕਿਸ ਪੱਧਰ ‘ਤੇ ਗਲਤ ਹੈ? ਜਾਂਚ ਰਿਪੋਰਟ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।