ਮੋਹਾਲੀ ਵਿੱਚ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਦੀ ਮੌਤ ਹੋ ਗਈ। ਇਹ ਹਾਦਸਾ ਦੇਰ ਰਾਤ ਕਰੀਬ 3 ਵਜੇ ਫੇਜ਼ 8, ਇੰਡਸਟਰੀਅਲ ਏਰੀਆ ਅਤੇ ਮੋਹਾਲੀ ਫੇਜ਼ 5 ਦੇ ਲਾਈਟ ਪੁਆਇੰਟ ‘ਤੇ ਵਾਪਰਿਆ। ਕਾਰ ਅਤੇ ਮੋਟਰਸਾਈਕਲ ਵਿਚਾਲੇ ਜ਼ਬਰਦਸਤ ਟੱਕਰ ਹੋਈ ਕਿ ਮੋਟਰਸਾਈਕਲ ਦਾ ਅਗਲਾ ਨਿਕਲ ਕੇ ਵੱਖ ਹੋ ਗਿਆ। ਇਸ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ ਹੈ। ਉਹ ਚੰਡੀਗੜ੍ਹ ਯੂਨੀਵਰਸਿਟੀ (CU) ਦਾ ਵਿਦਿਆਰਥੀ ਸੀ। ਕਾਰ ਚਾਲਕ ਫਰਾਰ ਦੱਸਿਆ ਜਾ ਰਿਹਾ ਹੈ।
ਨੌਜਵਾਨ ਯੂਪੀ ਨੰਬਰ ਦੇ ਮੋਟਰਸਾਈਕਲ ’ਤੇ ਸਵਾਰ ਸੀ। ਮੌਕੇ ’ਤੇ ਮੌਜੂਦ ਲੋਕਾਂ ਨੇ ਦੋਸ਼ ਲਾਇਆ ਕਿ ਪੀਸੀਆਰ ਨੂੰ ਬੁਲਾਉਣ ਦੇ ਬਾਵਜੂਦ ਪੁਲੀਸ ਬਹੁਤ ਦੇਰ ਨਾਲ ਮੌਕੇ ’ਤੇ ਪੁੱਜੀ। ਟੱਕਰ ਮਾਰਨ ਵਾਲੀ ਹੁੰਡਈ ਕੰਪਨੀ ਦੀ Aura ਗੱਡੀ ਪੰਜਾਬ ਦੇ ਜਲੰਧਰ ਨੰਬਰ ਦੀ ਹੈ।
ਘਟਨਾ ਤੋਂ ਬਾਅਦ ਮੌਕੇ ‘ਤੇ ਇਕੱਠੇ ਹੋਏ ਰਾਹਗੀਰਾਂ ਨੇ ਦਾਅਵਾ ਕੀਤਾ ਕਿ ਰਾਤ ਨੂੰ 3.13 ਵਜੇ ਆਖਰੀ ਕਾਲ ਕੀਤੀ ਸੀ। ਹਾਦਸੇ ਦੀ ਜਾਣਕਾਰੀ ਦੇਣ ਦੇ ਬਾਵਜੂਦ ਪੁਲਿਸ ਤੜਕੇ 4.01 ਵਜੇ ਪਹੁੰਚੀ। ਪੁਲਿਸ ਮੁਲਜ਼ਮ ਕਾਰ ਚਾਲਕ ਦੀ ਭਾਲ ਕਰ ਰਹੀ ਹੈ।
ਮ੍ਰਿਤਕ ਦੀ ਅਸਲ ਪਛਾਣ ਅਨੰਤ ਪ੍ਰਤਾਪ (18) ਵਾਸੀ ਸਹਾਰਨਪੁਰ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਉਹ ਚੰਡੀਗੜ੍ਹ ਯੂਨੀਵਰਸਿਟੀ (CU) ਘੜੂੰਆਂ ਵਿਖੇ ਬਾਰ੍ਹਵੀਂ ਜਮਾਤ ਵਿੱਚ ਐਨੀਮੇਸ਼ਨ ਕੋਰਸ ਕਰ ਰਿਹਾ ਸੀ। ਅਨੰਤ ਇਸ ਸਮੇਂ ਮੁਹਾਲੀ ਅਧੀਨ ਪੈਂਦੇ ਗਰੀਨ ਵਿਹਾਰ ਵਿੱਚ ਰਹਿ ਰਿਹਾ ਸੀ। ਮ੍ਰਿਤਕ ਦੇ ਮਾਮੇ ਨੇ ਦੱਸਿਆ ਕਿ ਹਾਦਸੇ ਵੇਲੇ ਅਨੰਤ ਕਿਸੇ ਰਿਸ਼ਤੇਦਾਰ ਨਾਲ ਸੀ। ਉਹ ਮੁਹਾਲੀ ਸਥਿਤ ਆਪਣੇ ਘਰ ਵੱਲ ਜਾ ਰਿਹਾ ਸੀ। ਅਨੰਤ ਦਾ ਰਿਸ਼ਤੇਦਾਰ ਸੜਕ ‘ਤੇ ਉਤਰਿਆ ਸੀ ਤੇ ਅਨੰਤ ਮੋਟਰਸਾਈਕਲ ’ਤੇ ਬੈਠਾ ਸੀ।
ਇਸੇ ਦੌਰਾਨ ਇੱਕ ਤੇਜ਼ ਰਫ਼ਤਾਰ ਕਾਰ ਰਾਂਗ ਸਾਈਡ ਤੋਂ ਆਉਂਦੀ ਹੋਈ ਇੱਕ ਦਰੱਖਤ ਨਾਲ ਟਕਰਾ ਗਈ ਅਤੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਅਨੰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਅਨੰਤ ਦੀ ਭੈਣ ਜੌਬ ਕਰਦੀ ਹੈ। ਮ੍ਰਿਤਕ ਦਾ ਪਰਿਵਾਰ ਸ਼ਿਕਾਇਤ ਦਰਜ ਕਰਵਾਉਣ ਲਈ ਮੁਹਾਲੀ ਦੀ ਫੇਜ਼-8 ਪੁਲਿਸ ਚੌਕੀ ਪਹੁੰਚ ਗਿਆ ਹੈ।