ਰਾਧਾ ਸਵਾਮੀ ਡੇਰੇ ਜਾ ਰਹੇ ਐਕਟਿਵਾ ਸਵਾਰ ਜੋੜੇ ਨੂੰ ਕਾਰ ਨੇ ਮਾਰੀ ਟੱਕਰ, ਮਹਿਲਾ ਦੀ ਮੌਤ, ਪਤੀ ਸੀਰੀਅਸ

0
1474

ਫਿਰੋਜ਼ਪੁਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਹੋਈ ਹੈ। ਐਕਟਿਵਾ ‘ਤੇ ਡੇਰਾ ਰਾਧਾ ਸਵਾਮੀ ਜਾ ਰਹੇ ਪਤੀ-ਪਤਨੀ ਨੂੰ ਕਾਰ ਵੱਲੋਂ ਟੱਕਰ ਮਾਰ ਦਿੱਤੀ ਗਈ। ਇਸ ਵਿਚ ਮਹਿਲਾ ਦੀ ਮੌਤ ਹੋ ਗਈ ਜਦਕਿ ਪਤੀ ਗੰਭੀਰ ਹਾਲਤ ਵਿਚ ਡੀਐਮਸੀ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ। ਹਾਦਸਾ ਫਿਰੋਜ਼ਪੁਰ-ਜ਼ੀਰਾ ਮਾਰਗ ‘ਤੇ ਸਥਿਤ ਡੇਰਾ ਰਾਧਾ ਸੁਆਮੀ ਨੇੜੇ ਵਾਪਰਿਆ ਦੱਸਿਆ ਜਾ ਰਿਹਾ ਹੈ।

ਇਸ ਸਬੰਧੀ ਥਾਣਾ ਕੁੱਲਗੜ੍ਹੀ ਪੁਲਿਸ ਨੇ ਅਣਪਛਾਤੇ ਕਾਰ ਚਾਲਕ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਰਮੇਸ਼ ਕੁਮਾਰ ਪੁੱਤਰ ਸੋਹਨ ਲਾਲ ਫਿਰੋਜ਼ਪੁਰ ਨੇ ਦੱਸਿਆ ਕਿ ਉਸ ਦਾ ਚਾਚਾ ਗੁਰਬੰਸ ਲਾਲ ਪੁੱਤਰ ਸੋਹਨ ਲਾਲ ਵਾਸੀ ਮਕਾਨ ਨੰ. 154-ਪੀ ਸੰਤ ਲਾਲ ਰੋਡ ਕੈਂਟ ਫਿਰੋਜ਼ਪੁਰ ਆਪਣੀ ਪਤਨੀ ਕਾਂਤਾ ਰਾਣੀ (50 ਸਾਲ) ਨਾਲ ਐਕਟਿਵਾ ’ਤੇ ਸਵਾਰ ਹੋ ਕੇ ਜਾ ਰਹੇ ਸਨ, ਜਦੋਂ ਉਹ ਨੇੜੇ ਡੇਰਾ ਰਾਧਾ ਸਵਾਮੀ ਨੇੜੇ ਪੁੱਜੇ ਤਾਂ ਅਣਪਛਾਤੇ ਕਾਰ ਚਾਲਕ ਨੇ ਤੇਜ਼ ਰਫਤਾਰ ਟੱਕਰ ਐਕਟਿਵਾ ਵਿਚ ਮਾਰੀ।

ਹਾਦਸੇ ਵਿਚ ਗੁਰਬੰਸ ਲਾਲ ਤੇ ਕਾਂਤਾ ਰਾਣੀ ਦੇ ਸੱਟਾਂ ਲੱਗੀਆਂ ਤੇ ਐਕਟਿਵਾ ਨੁਕਸਾਨੀ ਗਈ। ਜਿਨ੍ਹਾਂ ਨੂੰ ਇਲਾਜ ਲਈ ਬਾਗੀ ਹਸਪਤਾਲ ਫਿਰੋਜ਼ਪੁਰ ਦਾਖਲ ਕਰਵਾਇਆ ਗਿਆ, ਜਿਥੋਂ ਇਨ੍ਹਾਂ ਨੂੰ ਡੀਐੱਮਸੀ ਲੁਧਿਆਣਾ ਵਿਖੇ ਰੈਫਰ ਕੀਤਾ, ਜਿਥੇ ਕਾਂਤਾ ਰਾਣੀ ਦੀ ਇਲਾਜ ਸਮੇਂ ਮੌਤ ਹੋ ਗਈ। ਮਾਮਲੇ ਦੀ ਜਾਂਚ ਕਰ ਰਹੇ ਸਬ-ਇੰਸਪੈਕਟਰ ਸੋਨੇ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਕਾਰ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ।