ਗਲ਼ੇ ’ਚ ਚਾਕਲੇਟ ਫਸਣ ਨਾਲ ਦੂਸਰੀ ਜਮਾਤ ‘ਚ ਪੜ੍ਹਨ ਵਾਲੇ ਬੱਚੇ ਦੀ ਮੌਕੇ ‘ਤੇ ਮੌਤ

0
231

ਹੈਦਰਾਬਾਦ (ਆਈਏਐੱਨਐੱਸ) : ਤੇਲੰਗਾਨਾ ਦੇ ਵਾਰੰਗਲ ਸ਼ਹਿਰ ਵਿਚ ਗਲੇ ’ਚ ਚਾਕਲੇਟ ਫਸਣ ਨਾਲ ਇਕ ਅੱਠ ਸਾਲਾ ਬੱਚੇ ਦੀ ਮੌਤ ਹੋ ਗਈ। ਬੱਚੇ ਦਾ ਪਿਤਾ ਵਿਦੇਸ਼ ਤੋਂ ਇਹ ਚਾਕਲੇਟ ਲਿਆਇਆ ਸੀ। ਪੁਲਿਸ ਅਨੁਸਾਰ, ਕਸਬੇ ’ਚ ਬਿਜਲੀ ਦੀ ਦੁਕਾਨ ਚਲਾਉਣ ਵਾਲੇ ਕੰਘਣ ਸਿੰਘ ਦੇ ਪਰਿਵਾਰ ’ਚ ਇਹ ਤ੍ਰਾਸਦੀ ਹੋਈ।

ਰਾਜਸਥਾਨ ਦੇ ਮੂਲ ਨਿਵਾਸੀ ਕੰਘਣ ਸਿੰਘ ਤੇ ਉਸਦਾ ਪਰਿਵਾਰ ਕਰੀਬ 20 ਸਾਲ ਪਹਿਲਾਂ ਵਾਰੰਗਲ ’ਚ ਵਸ ਗਿਆ ਸੀ ਤੇ ਚਾਰ ਬੱਚਿਆਂ ਤੇ ਪਤਨੀ ਦੇ ਨਾਲ ਇਥੇ ਰਹਿ ਰਿਹਾ ਸੀ। ਹਾਲ ਹੀ ਵਿਚ ਕੰਘਣ ਸਿੰਘ ਆਸਟ੍ਰੇਲੀਆ ਤੋਂ ਪਰਤਿਆ ਤੇ ਉਥੋਂ ਇਹ ਚਾਕਲੇਟਾਂ ਲੈ ਕੇ ਆਇਆ ਸੀ। ਦੂਜੀ ਜਮਾਤ ’ਚ ਪੜ੍ਹਨ ਵਾਲਾ ਉਸਦਾ ਅੱਠ ਸਾਲ ਦਾ ਪੁੱਤਰ ਸੰਦੀਪ ਸ਼ਨਿਚਰਵਾਰ ਨੂੰ ਇਨ੍ਹਾਂ ’ਚੋਂ ਕੁਝ ਚਾਕਲੇਟਾਂ ਆਪਣੇ ਨਾਲ ਸਕੂਲ ਲੈ ਗਿਆ। ਉਥੇ ਉਸਨੇ ਮੂੰਹ ’ਚ ਚਾਕਲੇਟ ਪਾਈ ਪਰ ਉਹ ਉਸਦੇ ਗਲੇ ’ਚ ਹੀ ਫਸ ਗਈ। ਸੰਦੀਪ ਜਮਾਤ ’ਚ ਹੀ ਡਿੱਗ ਗਿਆ ਤੇ ਸਾਹ ਚੜ੍ਹ ਗਿਆ। ਸਕੂਲ ਪ੍ਰਸ਼ਾਸਨ ਉਸਨੂੰ ਤੁਰੰਤ ਸਰਕਾਰੀ ਹਸਪਤਾਲ ਲੈ ਗਿਆ ਪਰ ਉਸਨੂੰ ਬਚਾਇਆ ਨਹੀਂ ਜਾ ਸਕਿਆ।