ਅੰਮ੍ਰਿਤਸਰ, 28 ਨਵੰਬਰ | ਸ੍ਰੀ ਹਰਿਮੰਦਰ ਸਾਹਿਬ ਵਿਚ ਸੰਗਤਾਂ ਪਾਸੋਂ ਅਰਦਾਸ ਦੀ ਮਾਇਆ ਇਕੱਤਰ ਕਰਨ ਵਾਲੇ ਕਾਊਂਟਰ ਤੋਂ ਇਕ ਲੱਖ ਰੁਪਏ ਚੋਰੀ ਹੋਣ ਦਾ ਮਾਮਲਾ 2 ਦਿਨ ਪਹਿਲਾਂ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਚਾਰ ਸ਼ੱਕੀ ਵਿਅਕਤੀਆਂ ’ਤੇ ਪਰਚਾ ਦਰਜ ਕੀਤਾ ਗਿਆ ਹੈ।
ਘਟਨਾ ਬਾਰੇ ਜਾਣਕਾਰੀ ਦਿੰਦਿਆਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਦੱਸਿਆ ਕਿ ਪਰਿਕਰਮਾ ਦੇ ਅੰਦਰ ਲੰਗਰ ਤੇ ਇਮਾਰਤਾਂ ਦੀ ਸੇਵਾ ਪ੍ਰਾਪਤ ਕਰਨ ਲਈ ਸਥਾਪਤ ਇਕ ਕਾਊਂਟਰ ਉੱਤੇ ਡਿਊਟੀ ਨਿਭਾਅ ਰਹੇ ਮੁਲਾਜ਼ਮ ਅਨੁਸਾਰ ਐਤਵਾਰ ਨੂੰ ਤੜਕੇ ਜਦੋਂ ਉਹ ਰਸੀਦਾਂ ਕੱਟ ਰਿਹਾ ਸੀ ਤਾਂ ਉਸ ਕੋਲ ਚਾਰ ਸ਼ੱਕੀ ਵਿਅਕਤੀ ਸਮੇਤ ਇਕ ਔਰਤ ਆਈ।
ਧੰਗੇੜਾ ਨੇ ਕਿਹਾ ਕਿ ਮੁਲਾਜ਼ਮ ਅਨੁਸਾਰ ਮੁਲਜ਼ਮਾਂ ਨੇ ਉਸ ਨੂੰ ਰਸੀਦ ਕਟਵਾਉਣ ਦੇ ਨਾਮ ਹੇਠ ਆਪਣੀ ਗੱਲਾਂ ਵਿਚ ਉਲਝਾਇਆ ਅਤੇ ਕਾਊਂਟਰ ਵਿਚੋਂ ਇਕ ਲੱਖ ਰੁਪਏ ਦੀ ਨਕਦੀ ਚੋਰੀ ਕਰਕੇ ਚਲੇ ਗਏ। ਉਨ੍ਹਾਂ ਕਿਹਾ ਕਿ ਇਸ ਘਟਨਾ ਬਾਰੇ ਡਿਊਟੀ ਕਰ ਰਹੇ ਮੁਲਾਜ਼ਮ ਦੀ ਸ਼ਿਕਾਇਤ ਉੱਤੇ ਅੰਮ੍ਰਿਤਸਰ ਦੇ ਈ-ਡਵੀਜ਼ਨ ਪੁਲਿਸ ਥਾਣਾ ਵਿਖੇ ਪਰਚਾ ਦਰਜ ਕਰਵਾ ਦਿੱਤਾ ਹੈ। ਧੰਗੇੜਾ ਨੇ ਕਿਹਾ ਕਿ ਸੰਸਥਾ ਵੱਲੋਂ ਇਸ ਘਟਨਾ ਦੀ ਅੰਦਰੂਨੀ ਜਾਂਚ ਵੀ ਆਰੰਭ ਦਿੱਤੀ ਗਈ ਹੈ।