ਸੜਕ ਕਿਨਾਰੇ ਖੜੀ ਕਾਰ ਨੂੰ ਪਿੱਛਿਓਂ ਤੇਜ਼ ਰਫ਼ਤਾਰ ਕਾਰ ਨੇ ਮਾਰੀ ਟੱਕਰ, ਮਹਿਲਾ ਦੀ ਦਰਦਨਾਕ ਮੌਤ, ਤਿੰਨ ਜ਼ਖਮੀ

0
2556

ਫ਼ਰੀਦਕੋਟ-ਅਜੋਕੇ ਸਮੇਂ ਵਿੱਚ ਤੇਜ਼ ਰਫ਼ਤਾਰ ਘਟਨਾਵਾਂ ਦਾ ਕਾਰਨ ਬਣ ਰਹੀ ਹੈ। ਤੇਜ਼ ਰਫ਼ਤਾਰ ਕਾਰਨ ਆਏ ਦਿਨ ਕੋਈ ਨਾ ਕੋਈ ਹਾਦਸਾ ਦੇਖਣ ਨੂੰ ਮਿਲਦਾ ਹੈ। ਅਜਿਹਾ ਹੀ ਇੱਕ ਮਾਮਲਾ ਫ਼ਰੀਦਕੋਟ-ਕੋਟਕਪੂਰਾ ਰੋਡ ‘ਤੇ ਸਾਹਮਣੇ ਆਇਆ ਹੈ, ਜਿੱਥੇ ਸੜਕ ਕਿਨਾਰੇ ਖੜੀ ਕਾਰ ਨੂੰ ਪਿੱਛੋਂ ਆਉਦੀ ਬੇਕਾਬੂ ਤੇਜ਼ ਰਫਤਾਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਇਹ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਅਗਲੀ ਕਾਰ ਪੂਰੀ ਤਰ੍ਹਾਂ ਅੰਦਰ ਧਸ ਗਈ , ਜਿਸ ਕਾਰਨ ਕਾਰ ਦੀ ਪਿਛਲੀ ਸੀਟ ‘ਤੇ ਬੈਠੀ ਮਹਿਲਾ ਦੀ ਝਟਕੇ ਨਾਲ ਗਰਦਨ ਕੱਟੀ ਗਈ ,ਜਦਕਿ ਕਾਰ ਵਿੱਚ ਬੈਠੇ ਦੋ ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ ।

ਉੱਥੇ ਹੀ ਦੂਜੇ ਪਾਸੇ ਟੱਕਰ ਮਾਰਨ ਵਾਲੀ ਕਾਰ ਦੇ ਏਅਰ ਬੈਗ ਖੁੱਲਣ ਕਾਰਨ ਚਾਲਕ ਨੂੰ ਮਾਮੂਲੀ ਸੱਟ ਵੱਜੀ। ਸਥਾਨਕ ਲੋਕਾਂ ਨੇ ਤੁਰੰਤ ਜਖਮੀ ਸਵਾਰੀਆਂ ਨੂੰ ਕਾਰ ਤੋਂ ਬਾਹਰ ਕੱਢਿਆ ਅਤੇ ਐਬੂਲੈਂਸ ਜਰੀਏ ਹਾਸਪਤਾਲ ਭੇਜਣ ਦੀ ਕੋਸ਼ਿਸ਼ ਕੀਤੀ ਪਰ ਤਦ ਤੱਕ ਬੁਰੀ ਤਰ੍ਹਾਂ ਜ਼ਖਮੀ ਔਰਤ ਦੀ ਮੌਤ ਹੋ ਚੁਕੀ ਸੀ। ਬਾਕੀ ਜ਼ਖਮੀ ਲੋਕਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਪਹੁੰਚਾਇਆ ਗਿਆ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਥਾਨਕ ਨਿਵਾਸੀ ਅਮਨ ਵੜਿੰਗ ਨੇ ਦੱਸਿਆ ਕਿ ਕੋਟਕਪੂਰਾ ਦਾ ਰਹਿਣ ਵਾਲਾ ਇਹ ਪਰਿਵਾਰ ਕੁਝ ਖਰੀਦਦਾਰੀ ਕਰਨ ਲਈ ਫਰੀਦਕੋਟ ਆਇਆ ਹੋਇਆ ਸੀ ,ਜਿਨ੍ਹਾਂ ਵੱਲੋਂ ਕਿਸੇ ਕੰਮ ਕਾਰਨ ਆਪਣੀ ਵੈਗਨਾਰ ਕਾਰ ਸੜਕ ਦੀ ਸਾਈਡ ‘ਤੇ ਖੜੀ ਕੀਤੀ ਹੋਈ ਸੀ ਕਿ ਅਚਾਨਕ ਪਿੱਛੋਂ ਆਈ ਬਹੁਤ ਹੀ ਤੇਜ਼ ਰਫਤਾਰ ਕਾਰ ਨੇ ਪਿੱਛੋਂ ਬੁਰੀ ਤਰਾਂ ਟੱਕਰ ਮਾਰ ਦਿੱਤੀ, ਜਿਸ ਨਾਲ ਕਾਰ ਸਵਾਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਇਸੇ ਦੌਰਾਨ ਪਰਿਵਾਰ ਦੀ ਇੱਕ ਮਹਿਲਾ ਦੀ ਗਰਦਨ ਕੱਟੀ ਗਈ। ਉਨ੍ਹਾਂ ਕਿਹਾ ਕਿ ਵਾਰ 108 ਨੰਬਰ ‘ਤੇ ਵਾਰ ਫੋਨ ਕਰਨ ‘ਤੇ ਪੁਲਿਸ ਵੀ ਲੇਟ ਪਹੁੰਚੀ ਜਦਕਿ ਐਂਬੂਲੈਸ ਵੀ ਅੱਧਾ ਘੰਟਾ ਲੇਟ ਪਹੁੰਚੀ, ਜਿਸ ਕਾਰਨ ਪ੍ਰਾਈਵੇਟ ਐਂਬੂਲੈਸ ਰਾਹੀਂ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਉਨ੍ਹਾਂ ਕਿਹਾ ਕਿ ਐਂਬੂਲੈਸ ਦੀ ਦੇਰੀ ਕਾਰਨ ਹੀ ਮਹਿਲਾ ਦੀ ਮੌਤ ਹੋਈ, ਜੇਕਰ ਸਮੇਂ ‘ਤੇ ਐਂਬੂਲੈਸ ਆ ਜਾਂਦੀ ਤਾਂ ਸ਼ਾਇਦ ਮਹਿਲਾ ਦੀ ਜਾਨ ਬਚ ਜਾਂਦੀ।