ਨਵਾਂਸ਼ਹਿਰ/ਰੋਪੜ, 31 ਦਸੰਬਰ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਨੈਸ਼ਨਲ ਹਾਈਵੇ ‘ਤੇ ਪਿੰਡ ਕਮਾਲਪੁਰ ਥਾਣਾ ਕਾਠਗੜ੍ਹ ਮੋੜ ਨੇੜੇ ਮੋਟਰਸਾਈਕਲ ਅਤੇ ਕਾਰ ਵਿਚਾਲੇ ਜ਼ਬਰਦਸਤ ਟੱਕਰ ਹੋਈ। ਕਾਰ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਘੜੀਸ ਕੇ ਲੈ ਗਈ। ਇਸ ਹਾਦਸੇ ਤੋਂ ਬਾਅਦ ਕਾਰ ਚਾਲਕ ਅਤੇ ਕਾਰ ਵਿਚ ਸਵਾਰ ਲੋਕ ਮੌਕੇ ਤੋਂ ਫਰਾਰ ਹੋ ਗਏ, ਜਿਸ ਕਾਰਨ ਦੋਵੇਂ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ। ਪੁਲਿਸ ਨੇ ਹਾਦਸਾਗ੍ਰਸਤ ਮੋਟਰਸਾਈਕਲ ਅਤੇ ਕਾਰ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਇਹ ਹਾਦਸਾ ਦੇਰ ਰਾਤ ਵਾਪਰਿਆ। ਪੁਲਿਸ ਅਨੁਸਾਰ ਇਹ ਦੋਵੇਂ ਪ੍ਰਵਾਸੀ ਆਪਣੇ ਮੋਟਰਸਾਈਕਲ ‘ਤੇ ਕੰਮ ਤੋਂ ਵਾਪਸ ਆ ਰਹੇ ਸਨ, ਜਦੋਂ ਉਹ ਸੜਕ ਪਾਰ ਕਰਕੇ ਪਿੰਡ ਕਮਾਲਪੁਰ ਸਰਵਿਸ ਰੋਡ ਦੇ ਕੱਟ ਕੋਲ ਪਹੁੰਚੇ ਤਾਂ ਬਲਾਚੌਰ ਵੱਲੋਂ ਤੇਜ਼ ਰਫ਼ਤਾਰ ਨਾਲ ਆ ਰਹੀ ਚਿੱਟੇ ਰੰਗ ਦੀ ਮਹਿੰਦਰਾ XUV ਕਾਰ ਨਾਲ ਟੱਕਰ ਹੋ ਗਈ।
SHO ਪੰਕਜ ਕੁਮਾਰ ਅਤੇ DSP ਬਲਾਚੌਰ ਸ਼ਾਮ ਸੁੰਦਰ ਸ਼ਰਮਾ ਵੀ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ। ਪੁਲਿਸ ਅਨੁਸਾਰ ਦੋਵੇਂ ਮਜ਼ਦੂਰ ਲੱਕੜਾਂ ਵੱਢਣ ਦਾ ਕੰਮ ਕਰਦੇ ਸਨ। ਇਨ੍ਹਾਂ ਵਿਚੋਂ ਇਕ ਦੀ ਪਛਾਣ ਮਨੀਸ਼ ਕੁਮਾਰ ਵਾਸੀ ਗਯਾ ਘਾਟ ਮੁਜ਼ੱਫਰਨਗਰ ਯੂਪੀ ਅਤੇ ਦੂਜੇ ਦੀ ਪਛਾਣ ਸਰੋਜ ਕੁਮਾਰ ਵਜੋਂ ਹੋਈ ਹੈ।






































