ਨਵੀਂ ਦਿੱਲੀ | ਨੋਇਡਾ ‘ਚ ਇਕ ਔਰਤ ਨਾਲ ਝਗੜੇ ਕਰਨ ਵਾਲੇ ਭਾਜਪਾ ਆਗੂ ਸ਼੍ਰੀਕਾਂਤ ਤਿਆਗੀ ਦੀਆਂ ਮੁਸ਼ਕਿਲਾਂ ਵਧਦੀਆਂ ਗਈਆਂ ਹਨ। ਸ਼੍ਰੀਕਾਂਤ ਤਿਆਗੀ ਦੇ ਘਰ ਉਪਰ ਬੁਲਡੋਜ਼ਰ ਚਲਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਤਿਆਗੀ ਨੇ ਘਰ ਦੇ ਅਗਲੇ ਹਿੱਸੇ ‘ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ। ਇਸ ਬਾਰੇ ਕਈ ਵਾਰ ਸ਼ਿਕਾਇਤ ਕੀਤੀ ਗਈ ਸੀ, ਹੁਣ ਜਦੋਂ ਮਾਮਲਾ ਗਰਮਾ ਗਿਆ ਹੈ ਤਾਂ ਪ੍ਰਸ਼ਾਸਨ ਵੀ ਨੀਂਦ ਤੋਂ ਜਾਗ ਗਿਆ ਹੈ।
ਜਦੋਂ ਬੁਲਡੋਜ਼ਰ ਸ਼੍ਰੀਕਾਂਤ ਤਿਆਗੀ ਦੇ ਘਰ ਨੂੰ ਢਾਹੁਣ ਲਈ ਪਹੁੰਚਿਆ ਤਾਂ ਉੱਥੇ ਮੌਜੂਦ ਔਰਤਾਂ ਨੇ ਤਾੜੀਆਂ ਵਜਾ ਕੇ ਉਨ੍ਹਾਂ ਦਾ ਸਵਾਗਤ ਕੀਤਾ। ਇਹ ਨਜ਼ਾਰਾ ਦੇਖ ਸਮਾਜ ਦੇ ਲੋਕ ਇਕੱਠੇ ਹੋ ਗਏ ਤੇ ਤਿਆਗੀ ਦੇ ਖਿਲਾਫ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ।
ਇੱਥੇ ਸ਼੍ਰੀਕਾਂਤ ਦੀ ਆਖਰੀ ਲੋਕੇਸ਼ਨ ਬਾਰੇ ਵੀ ਜਾਣਕਾਰੀ ਮਿਲੀ ਹੈ। ਨੋਇਡਾ ਪੁਲਿਸ ਮੁਤਾਬਕ ਤਿਆਗੀ ਦੀ ਆਖਰੀ ਲੋਕੇਸ਼ਨ ਉਤਰਾਖੰਡ ਦੇ ਰਿਸ਼ੀਕੇਸ਼ ‘ਚ ਮਿਲੀ ਹੈ।ਨੋਇਡਾ ਪੁਲਿਸ ਨੇ ਔਰਤ ਨਾਲ ਦੁਰਵਿਵਹਾਰ ਕਰਨ ਵਾਲੇ ਦੋਸ਼ੀਆਂ ਨੂੰ ਫੜਨ ਲਈ 8 ਟੀਮਾਂ ਬਣਾਈਆਂ ਹਨ। ਉਸ ਦੇ ਪੁਰਾਣੇ ਅਪਰਾਧਿਕ ਇਤਿਹਾਸ ਦੇ ਮੱਦੇਨਜ਼ਰ ਗੈਂਗਸਟਰ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਐਤਵਾਰ ਰਾਤ ਨੂੰ ਵੀ ਗ੍ਰੈਂਡ ਓਮੈਕਸ ਸੁਸਾਇਟੀ ਵਿੱਚ ਹੰਗਾਮਾ ਹੋਇਆ। ਸੁਸਾਇਟੀ ਦੇ ਲੋਕਾਂ ਦਾ ਦੋਸ਼ ਹੈ ਕਿ 6 ਤੋਂ 8 ਅਣਪਛਾਤੇ ਲੜਕੇ ਜ਼ਬਰਦਸਤੀ ਸੁਸਾਇਟੀ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ, ਜਿਨ੍ਹਾਂ ਨੂੰ ਸੁਸਾਇਟੀ ਦੇ ਲੋਕਾਂ ਨੇ ਫੜ ਕੇ ਮੌਕੇ ’ਤੇ ਪੁਲੀਸ ਬੁਲਾ ਲਈ। ਸੁਸਾਇਟੀ ਦੇ ਲੋਕਾਂ ਨੇ ਦੱਸਿਆ ਕਿ ਫੜੇ ਗਏ ਬਾਹਰਲੇ ਲੜਕੇ ਪੀੜਤ ਔਰਤ ਦਾ ਪਤਾ ਪੁੱਛ ਰਹੇ ਸਨ। ਪੁਲਸ ਨੇ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ, ਨਾਲ ਹੀ ਥਾਣਾ ਇੰਚਾਰਜ ਸੁਜੀਤ ਪਾਂਡੇ ਨੂੰ ਲਾਪਰਵਾਹੀ ਕਾਰਨ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਪੀੜਤ ਔਰਤ ਨੂੰ ਸੁਰੱਖਿਆ ਦਿੱਤੀ ਗਈ ਹੈ।