ਮਾਮੂਲੀ ਜ਼ਮੀਨ ਦੇ ਕਬਜ਼ੇ ਲਈ ਭਰਾ ਨੇ ਕੀਤਾ ਸਕੇ ਭਰਾ ਦਾ ਕਤਲ

0
808

ਤਰਨਤਾਰਨ| ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਪਿੰਡ ਮੱਲ ਮੋਹਰੀ ਵਿਖੇ ਇਕ ਭਰਾ ਵੱਲੋਂ ਆਪਣੇ ਸਕੇ ਭਰਾ ਨੂੰ ਮਾਮੂਲੀ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਗੋਲ਼ੀ ਮਾਰ ਕੇ ਮੌਤ ਦੇ ਘਾਟ ਉਤਾਰਨ ਦੀ ਖ਼ਬਰ ਸਾਹਮਣੇ ਆਈ ਹੈ। ਕਤਲ ਕਰਨ ਵਾਲਾ ਮੁਲਜ਼ਮ ਪੰਜਾਬ ਪੁਲਸ ਸੈਕਿੰਡ ਕਮਾਂਡੋ ਦਾ ਥਾਣੇਦਾਰ ਦੱਸਿਆ ਜਾ ਰਿਹਾ ਹੈ, ਜਿਸ ਨੇ ਆਪਣੀ ਨਿੱਜੀ ਰਿਵਾਲਵਰ ਰਾਹੀਂ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਥਾਣਾ ਸਦਰ ਤਰਨਤਾਰਨ ਦੇ ਮੁਖੀ ਇੰਸਪੈਕਟਰ ਗੁਰਚਰਨ ਸਿੰਘ ਸਮੇਤ ਪੁਲਸ ਪਾਰਟੀ ਮੌਕੇ ’ਤੇ ਪੁੱਜ ਗਏ ਹਨ, ਜਿਨ੍ਹਾਂ ਵੱਲੋਂ ਲਾਸ਼ ਨੂੰ ਕਬਜ਼ੇ ’ਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਜਾਣਕਾਰੀ ਅਨੁਸਾਰ ਦਲਜੀਤ ਸਿੰਘ ਪੁੱਤਰ ਅਰਜਨ ਸਿੰਘ ਨਿਵਾਸੀ ਪਿੰਡ ਮੱਲ ਮੋਹਰੀ ਨਾਲ ਉਸ ਦੇ ਸਕੇ ਭਰਾ ਬਿਕਰਮਜੀਤ ਸਿੰਘ, ਜੋ ਪੰਜਾਬ ਪੁਲਸ ’ਚ ਬਤੌਰ ਏ.ਐੱਸ.ਆਈ. ਤਾਇਨਾਤ ਹੈ, ਦਾ ਕਈ ਸਾਲਾਂ ਤੋਂ ਜ਼ਮੀਨੀ ਵਿਵਾਦ ਚੱਲ ਰਿਹਾ ਸੀ, ਜਿਸ ਨੂੰ ਲੈ ਕੇ ਐਤਵਾਰ ਸ਼ਾਮ ਬਿਕਰਮਜੀਤ ਸਿੰਘ ਨੇ ਆਪਣੇ ਭਰਾ ਦਲਜੀਤ ਸਿੰਘ ਨੂੰ ਗੋਲ਼ੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਤੋਂ ਬਾਅਦ ਉਹ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਘਟਨਾ ਤੋਂ ਬਾਅਦ ਪਿੰਡ ’ਚ ਸਹਿਮ ਭਰਿਆ ਮਾਹੌਲ ਪਾਇਆ ਜਾ ਰਿਹਾ ਹੈ। ਮੌਕੇ ’ਤੇ ਪੁੱਜੇ ਥਾਣਾ ਸਦਰ ਤਰਨਤਾਰਨ ਮੁਖੀ ਗੁਰਚਰਨ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ’ਚ ਲੈ ਕੇ ਫਰਾਰ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।