ਤਰਨਤਾਰਨ, 11 ਦਸੰਬਰ| ਤਰਨਤਾਰਨ ਦੇ CIA ਸਟਾਫ ਦੀ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਵੱਲੋਂ ਵਿਸ਼ੇੇਸ਼ ਗਸ਼ਤ ਦੌਰਾਨ ਵਾਹਨਾਂ ਦੀ ਚੈਕਿੰਗ ਮੌਕੇ i20 ਕਾਰ ਵਿਚ ਸਵਾਰ ਇੱਕ ਵਿਅਕਤੀ ਕੋਲੋਂ 5 ਕਿੱਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਦੀ ਕੀਮਤ 25 ਕਰੋੜ ਰੁਪਏ ਦੱਸੀ ਜਾ ਰਹੀ ਹੈ। ਪੁਲਿਸ ਨੇ ਖੇਪ ਨੂੰ ਕਬਜ਼ੇ ‘ਚ ਲੈ ਕੇ ਕਾਰ ਚਾਲਕ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਮੁਲਜ਼ਮ ਖ਼ਿਲਾਫ਼ ਥਾਣਾ ਝਬਾਲ ਵਿਖੇ NDPS ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਐਤਵਾਰ ਨੂੰ ਪ੍ਰੈੱਸ ਕਾਨਫਰੰਸ ਕਰਦਿਆਂ SP ਹੈੱਡ ਕੁਆਰਟਰ ਮਨਿੰਦਰ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਵੱਲੋਂ ਇੱਕ ਕਾਰ ਆਉਂਦੀ ਦਿਖਾਈ ਦਿੱਤੀ। ਪੁਲਿਸ ਨੇ ਸ਼ੱਕ ਦੇ ਆਧਾਰ ’ਤੇ ਗੱਡੀ ਨੂੰ ਰੋਕਣ ਲਈ ਕਿਹਾ ਤਾਂ ਚਾਲਕ ਨੇ ਗੱਡੀ ਰੋਕਣ ਦੀ ਬਜਾਏ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਕਾਰ ਬੰਦ ਹੋ ਗਈ।
ਉਨ੍ਹਾਂ ਦੱਸਿਆ ਕਿ ਗੱਡੀ ’ਚ ਸਵਾਰ ਵਿਅਕਤੀ ਜਿਸਦੀ ਪਛਾਣ ਦੀਪਕ ਕੁਮਾਰ ਉਰਫ਼ ਕੋਚਰ ਪੁੱਤਰ ਸ਼ਾਮ ਕੁਮਾਰ ਵਾਸੀ ਵਿਕਟੋਰੀਆ ਇਨਕਲੇਵ, ਪਿੰਡ ਬੱਲੂਕੀ ਲੁਧਿਆਣਾ ਵਜੋਂ ਹੋਈ, ਕੋਲੋਂ DSP ਅਰੁਣ ਸ਼ਰਮਾ ਦੀ ਮੌਜੂਦਗੀ ਵਿਚ ਟੇਪ ਨਾਲ ਲਪੇਟੇ ਹੋਏ 9 ਪੈਕੇਟ ਹੈਰੋਇਨ ਦੇ ਬਰਾਮਦ ਹੋਏ।
ਉਕਤ ਪੈਕੇਟਾਂ ਨੂੰ ਚੈੱਕ ਕੀਤਾ ਤਾਂ ਉਨ੍ਹਾਂ ’ਚੋਂ 5 ਕਿੱਲੋ 20 ਗ੍ਰਾਮ ਹੈਰੋਇਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਦੀਪਕ ਕੁਮਾਰ ਕੋਚਰ ਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁਲਿਸ ਰਿਮਾਂਡ ’ਤੇ ਲਿਆ ਜਾਵੇਗਾ, ਜਿਸ ਦੌਰਾਨ ਹੋਰ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।