ਦਿੱਲੀ ‘ਚ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਖਾਲੀ ਕਰਵਾਇਆ ਸਕੂਲ, ਭਾਰੀ ਪੁਲਿਸ ਫੋਰਸ ਤਾਇਨਾਤ

0
589

ਦਿੱਲੀ, 21 ਸਤੰਬਰ | ਰਾਸ਼ਟਰੀ ਰਾਜਧਾਨੀ ਦਿੱਲੀ ਦੇ ਇਕ ਸਕੂਲ ਵਿਚ ‘ਬੰਬ ਦੀ ਧਮਕੀ’ ਨੇ ਤਰਥੱਲੀ ਮਚਾ ਦਿੱਤੀ। ਧਮਕੀ ਤੋਂ ਬਾਅਦ ਸਕੂਲ ਕੈਂਪਸ ਨੂੰ ਖਾਲੀ ਕਰਵਾ ਲਿਆ ਗਿਆ। ਮਾਮਲਾ ਦੱਖਣੀ ਦਿੱਲੀ ਦੇ ਆਰਕੇ ਪੁਰਮ ਸਕੂਲ ਦਾ ਹੈ। ਜਾਣਕਾਰੀ ਮੁਤਾਬਕ ਸਕੂਲ ਨੂੰ ਬੰਬ ਨਾਲ ਉਡਾਉਣ ਸਬੰਧੀ ਈ-ਮੇਲ ਭੇਜੀ ਗਈ। ਇਸ ਸੂਚਨਾ ‘ਤੇ ਪੁਲਿਸ ਤੁਰੰਤ ਹਰਕਤ ‘ਚ ਆ ਗਈ। ਬੰਬ ਦਸਤੇ, ਫਾਇਰ ਵਿਭਾਗ ਅਤੇ ਸਥਾਨਕ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ।

ਬੰਬ ਨਿਰੋਧਕ ਦਸਤੇ ਵੱਲੋਂ ਸਕੂਲ ਦੀ ਚਾਰਦੀਵਾਰੀ ਦੀ ਤਲਾਸ਼ੀ ਲਈ ਗਈ। ਈਮੇਲ ‘ਚ ਦੱਸਿਆ ਗਿਆ ਸੀ ਕਿ ਪ੍ਰਿੰਸੀਪਲ ਦੇ ਕਮਰੇ ਦੇ ਆਲੇ-ਦੁਆਲੇ ਬੰਬ ਰੱਖਿਆ ਗਿਆ ਹੈ। ਸਵੇਰੇ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਘੰਟਿਆਂਬੱਧੀ ਤਲਾਸ਼ੀ ਦੌਰਾਨ ਕੁਝ ਵੀ ਨਹੀਂ ਮਿਲਿਆ। ਜ਼ਿਕਰਯੋਗ ਹੈ ਕਿ ਇਹ ਈਮੇਲ ਆਰਕੇ ਪੁਰਮ ਦੇ ਸੈਕਟਰ-3 ਸਥਿਤ ਲਾਲ ਬਹਾਦਰ ਸ਼ਾਸਤਰੀ ਸਕੂਲ ਨੂੰ ਆਈ ਹੈ। ਪੁਲਿਸ ਮੇਲ ਦਾ ਆਈਪੀ ਐਡਰੈੱਸ ਅਤੇ ਹੋਰ ਤਕਨੀਕੀ ਜਾਣਕਾਰੀ ਇਕੱਠੀ ਕਰਨ ਵਿਚ ਲੱਗੀ ਹੋਈ ਹੈ।

ਸਕੂਲ ਪ੍ਰਸ਼ਾਸਨ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਇਸ ਹਰਕਤ ਪਿੱਛੇ ਕੁਝ ਸ਼ਰਾਰਤੀ ਬੱਚਿਆਂ ਦਾ ਹੱਥ ਹੋ ਸਕਦਾ ਹੈ। ਫਿਲਹਾਲ ਸਥਾਨਕ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।