ਜਲੰਧਰ, 21 ਸਤੰਬਰ | ਬੁੱਧਵਾਰ ਸਵੇਰੇ ਉਸ ਸਮੇਂ ਸਨਸਨੀ ਫੈਲ ਗਈ, ਜਦੋਂ 59 ਸੈਕਿੰਡ ਦੀ ਇਕ ਨਿਊਡ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਗਈ। ਇਹ ਵੀਡੀਓ ਸਟ੍ਰੀਟ ਫੂਡ ਵੇਚਣ ਵਾਲੇ ਜੋੜੇ ਦੀ ਸੀ। ਪੁਲਿਸ ਨੇ ਇਸ ਮਾਮਲੇ ਵਿਚ 23 ਸਾਲ ਦੀ ਨੌਜਵਾਨ ਲੜਕੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਲੜਕੀ ਨੂੰ 4 ਸਤੰਬਰ ਨੂੰ ਜੋੜੇ ਨੇ ਨੌਕਰੀ ਤੋਂ ਕੱਢ ਦਿੱਤਾ ਸੀ।
ਵਿਵਾਦ ਨਾਲ ਜੁੜੇ ਵਿਅਕਤੀ ਨੇ ਸੋਸ਼ਲ ਮੀਡੀਆ ਉਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਕਿਹਾ ਕਿ ਇਹ ਉਨ੍ਹਾਂ ਦੀ ਫੇਕ ਵੀਡੀਓ ਬਣਾਈ ਗਈ ਹੈ। ਇਸ ਪੋਸਟ ਤੋਂ ਬਾਅਦ ਇਕ ਨਹੀਂ 3 ਹੋਰ ਵੀਡੀਓ ਵਾਇਰਲ ਹੋ ਗਈਆਂ। ਦੇਰ ਸ਼ਾਮ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਪਤੀ-ਪਤਨੀ ਨੂੰ ਪੁਰਾਣੀ ਕਰਮਚਾਰੀ ਲੜਕੀ ਨੇ ਬਲੈਕਮੇਲ ਕਰਦੇ ਹੋਏ 20 ਹਜ਼ਾਰ ਰੁਪਏ ਦੀ ਫਿਰੌਤੀ ਮੰਗੀ ਸੀ ਪਰ ਜੋੜੇ ਨੇ ਨਹੀਂ ਦਿੱਤੀ। ਆਰੋਪੀ ਲੜਕੀ ਤੋਂ ਪੁਲਿਸ ਪੁੱਛਗਿੱਛ ਕਰ ਰਹੀ ਹੈ ਤਾਂ ਕਿ ਇਸ ਨਾਲ ਜੁੜੇ ਹੋਰ ਆਰੋਪੀ ਫੜੇ ਜਾ ਸਕਣ। ਜੋੜੇ ਨੇ ਕਿਹਾ ਕਿ ਲੜਕੀ ਪੈਸਿਆਂ ਵਿਚ ਹੇਰਾ-ਫੇਰੀ ਕਰਦੀ ਸੀ, ਇਸ ਲਈ ਕੰਮ ਤੋਂ ਕੱਢਿਆ ਸੀ।
ਹਾਲਾਂਕਿ ਲੜਕੀ ਨੇ ਦਾਅਵਾ ਕੀਤਾ ਹੈ ਕਿ ਉਹ ਮੋਬਾਇਲ ਫੋਨ ਨਹੀਂ ਰੱਖਦੀ ਪਰ ਪੁਲਿਸ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ, ਜਿਸ ਸੋਸ਼ਲ ਨੈੱਟਵਰਕ ਜ਼ਰੀਏ ਪੈਸੇ ਮੰਗੇ ਗਏ, ਉਸ ਦਾ ਪਤਾ ਲਗਾਉਣ ਲਈ ਸਾਈਬਰ ਸੈੱਲ ਦੀ ਮਦਦ ਲਈ ਜਾ ਰਹੀ ਹੈ। ਉਧਰ ਏਸੀਪੀ ਸੈਂਟਰਲ ਨਿਰਮਲ ਸਿੰਘ ਨੇ ਕਿਹਾ ਕਿ ਆਈਪੀਸੀ ਦੀ ਧਾਰਾ 384, 509 ਤੇ ਆਈਟੀ ਐਕਟ ਦੀ ਧਾਰਾ 66 (ਈ) 66 (ਡੀ) ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਲੜਕੀ ਨੂੰ ਗ੍ਰਿਫਤਾਰ ਕਰ ਲਿਆ ਹੈ, ਵੀਰਵਾਰ ਨੂੰ ਕੋਰਟ ਵਿਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ।