ਕੈਨੇਡਾ ਜਾਣ ਵਾਲਿਆਂ ਨੂੰ ਵੱਡਾ ਝਟਕਾ : ਕੈਨੇਡਾ ਨੇ ਬੈਂਗਲੁਰੂ, ਚੰਡੀਗੜ੍ਹ ਤੇ ਮੁੰਬਈ ‘ਚ ਵੀਜ਼ਾ ਸਰਵਿਸ ‘ਤੇ ਲਗਾਈ ਰੋਕ

0
732

ਨਵੀਂ ਦਿੱਲੀ, 21 ਅਕਤੂਬਰ | ਪਿਛਲੇ ਮਹੀਨੇ ਤੋਂ ਕੈਨੇਡਾ ਤੇ ਭਾਰਤ ਦੇ ਰਿਸ਼ਤਿਆਂ ਵਿਚ ਤਣਾਅ ਚੱਲ ਰਿਹਾ ਹੈ। ਇਸ ਦੌਰਾਨ ਕੈਨੇਡਾ ਜਾਣ ਵਾਲੇ ਲੋਕਾਂ ਲਈ ਬੁਰੀ ਖਬਰ ਹੈ। ਕੈਨੇਡਾ ਨੇ ਬੈਂਗਲੁਰੂ, ਚੰਡੀਗੜ੍ਹ ਤੇ ਮੁੰਬਈ ਵਿਚ ਵੀਜ਼ਾ ਸੇਵਾਵਾਂ ਨੂੰ ਅਸਥਾਈ ਤੌਰ ‘ਤੇ ਮੁਲਤਵੀ ਕਰ ਦਿੱਤਾ ਹੈ।

ਵੀਜ਼ੇ ਲਈ ਹੁਣ ਲੋਕਾਂ ਨੂੰ ਦਿੱਲੀ ਜਾ ਕੇ ਵੀਜ਼ਾ ਪ੍ਰੋਸੈਸਿੰਗ ਕਰਵਾਉਣਾ ਹੋਵੇਗਾ। ਦੱਸ ਦਈਏ ਕਿ ਭਾਰਤ ਨੇ ਲਗਭਗ 1 ਮਹੀਨਾ ਪਹਿਲਾਂ ਕੈਨੇਡਾ ਵਿਚ ਵੀਜ਼ਾ ਪ੍ਰਕਿਰਿਆ ਮੁਲਤਵੀ ਕਰ ਦਿੱਤੀ ਸੀ। 19 ਅਕਤੂਬਰ ਨੂੰ ਅਪਡੇਟ ਕੀਤੀ ਭਾਰਤ ਲਈ ਆਪਣੀ ਟ੍ਰੈਵਲ ਐਡਵਾਈਜ਼ਰੀ ਵਿਚ ਕੈਨੇਡਾ ਨੇ ਕਿਹਾ ਕਿ ਕੈਨੇਡਾ ਅਤੇ ਭਾਰਤ ਵਿਚ ਤਣਾਅ ਦਰਮਿਆਨ ਸੋਸ਼ਲ ਮੀਡੀਆ ਵਿਚ ਕੈਨੇਡਾ ਪ੍ਰਤੀ ਵਿਰੋਧ ਸਾਹਮਣੇ ਆਇਆ ਹੈ।

ਐਡਵਾਈਜ਼ਰੀ ਵਿਚ ਕਿਹਾ ਗਿਆ ਕਿ ਕੈਨੇਡਾ ਵਿਰੋਧੀ ਪ੍ਰਦਰਸ਼ਨ ਸਮੇਤ ਹੋਰ ਪ੍ਰਦਰਸ਼ਨ ਹੋ ਸਕਦੇ ਹਨ ਤੇ ਕੈਨੇਡੀਅਨ ਲੋਕਾਂ ਨੂੰ ਧਮਕੀ ਦਾ ਸ਼ਿਕਾਰ ਹੋਣਾ ਪੈ ਸਕਦਾ ਹੈ। ਨਾਲ ਹੀ ਕੈਨੇਡਾ ਸਰਕਾਰ ਨੇ ਨਾਗਰਿਕਾਂ ਨੂੰ ਜਨਤਕ ਥਾਵਾਂ ਸਣੇ ਭੀੜ ਵਾਲੇ ਇਲਾਕਿਆਂ ਵਿਚ ਜਾਣ ਤੋਂ ਬਚਣ ਲਈ ਕਿਹਾ ਹੈ। ਕੈਨੇਡਾ ਦੇ ਇਕ ਸਾਬਕਾ ਡਿਪਲੋਮੈਟ ਨੇ ਕਿਹਾ ਕਿ ਭਾਰਤ ਵੱਲੋਂ ਕੈਨੇਡੀਅਨ ਡਿਪਲੋਮੈਟਾਂ ਨੂੰ ਦੇਸ਼ ਛੱਡਣ ਲਈ ਕਹਿਣਾ ਕੋਈ ਸਾਧਾਰਨ ਘਟਨਾ ਨਹੀਂ ਹੈ। ਪਿਛਲੇ 40 ਤੋਂ 50 ਸਾਲਾਂ ਵਿਚ ਇਸ ਤਰ੍ਹਾਂ ਦੀ ਕਿਸੇ ਘਟਨਾ ਬਾਰੇ ਮੈਨੂੰ ਯਾਦ ਨਹੀਂ ਹੈ, ਜਿਥੇ ਅਜਿਹਾ ਕੁਝ ਹੋਇਆ ਹੋਵੇ।