ਭੁੱਖ ਤੇ ਠੰਡ ਕਾਰਨ ਹੋਈ ਭਿਖਾਰੀ ਦੀ ਮੌਤ, ਜੇਬ ਫਰੋਲੀ ਤਾਂ ਨਿਕਲੇ ਲੱਖਾਂ ਰੁਪਏ

0
729

ਗੁਜਰਾਤ, 5 ਦਸੰਬਰ | ਗੁਜਰਾਤ ਦੇ ਵਲਸਾਡ ਤੋਂ ਇੱਕ ਭਿਖਾਰੀ ਦੀ ਹੈਰਾਨ ਕਰਨ ਵਾਲੀ ਕਹਾਣੀ ਸਾਹਮਣੇ ਆਈ ਹੈ। ਇਸ ਵਿਅਕਤੀ ਨੂੰ ਜਦੋਂ ਐਤਵਾਰ ਨੂੰ ਵਲਸਾਡ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਤਾਂ ਉਸ ਕੋਲ 1.14 ਲੱਖ ਰੁਪਏ ਦੀ ਨਕਦੀ ਸੀ। ਪਰ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਪੋਸਟਮਾਰਟਮ ਰਿਪੋਰਟ ‘ਚ ਮੌਤ ਦਾ ਕਾਰਨ ਭੁੱਖਾ ਹੋਣਾ ਦੱਸਿਆ ਗਿਆ ਹੈ।

ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਅਧਿਕਾਰੀ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਨ। ਵਲਸਾਡ ਪੁਲਿਸ ਮੁਤਾਬਕ ਐਤਵਾਰ ਨੂੰ ਇਕ ਦੁਕਾਨਦਾਰ ਨੇ ਐਮਰਜੈਂਸੀ ਨੰਬਰ 108 ‘ਤੇ ਡਾਇਲ ਕੀਤਾ। ਉਨ੍ਹਾਂ ਦੱਸਿਆ ਕਿ ਗਾਂਧੀ ਲਾਇਬ੍ਰੇਰੀ ਨੇੜੇ ਸੜਕ ਕਿਨਾਰੇ ਇੱਕ ਭਿਖਾਰੀ ਪਿਛਲੇ ਕੁਝ ਦਿਨਾਂ ਤੋਂ ਉਸੇ ਥਾਂ ’ਤੇ ਪਿਆ ਸੀ। ਦੁਕਾਨਦਾਰ ਨੇ ਦੱਸਿਆ ਕਿ ਬਜ਼ੁਰਗ ਵਿਅਕਤੀ ਦੀ ਸਿਹਤ ਵਿਗੜਦੀ ਜਾਪਦੀ ਸੀ।

ਇਸ ਤੋਂ ਬਾਅਦ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ। ਭਾਵੇਸ਼ ਪਟੇਲ ਨੇ ਕਿਹਾ, ‘ਉਹ ਗੁਜਰਾਤੀ ਬੋਲ ਰਿਹਾ ਸੀ। ਉਸ ਨੇ ਦੱਸਿਆ ਕਿ ਉਹ ਵਲਸਾਡ ਦੇ ਧੋਬੀ ਤਲਾਅ ਇਲਾਕੇ ‘ਚ ਰਹਿੰਦਾ ਸੀ। ਦੁਕਾਨਦਾਰ ਨੇ ਦੱਸਿਆ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਕੋਈ ਹਿਲਜੁਲ ਨਹੀਂ ਕਰ ਰਿਹਾ ਸੀ।

ਭਾਵੇਸ਼ ਪਟੇਲ ਨੇ ਅੱਗੇ ਦੱਸਿਆ ਕਿ ‘ਜਦੋਂ ਅਸੀਂ ਉਸ ਨੂੰ ਸਿਵਲ ਹਸਪਤਾਲ ਲੈ ਕੇ ਗਏ ਤਾਂ ਉਸ ਕੋਲੋਂ 1.14 ਲੱਖ ਰੁਪਏ ਦੀ ਨਕਦੀ ਮਿਲੀ। ਨਕਦੀ ਵਿੱਚ 500 ਰੁਪਏ ਦੇ 38 ਨੋਟ, 200 ਰੁਪਏ ਦੇ 83 ਨੋਟ, 100 ਰੁਪਏ ਦੇ 537 ਨੋਟ ਅਤੇ 20 ਅਤੇ 10 ਰੁਪਏ ਦੇ ਹੋਰ ਨੋਟ ਸ਼ਾਮਲ ਹਨ। ਇਹ ਸਾਰੇ ਨੋਟ ਉਸ ਦੇ ਸਵੈਟਰ ਦੀਆਂ ਜੇਬਾਂ ਵਿੱਚ ਪਲਾਸਟਿਕ ਦੇ ਛੋਟੇ ਥੈਲਿਆਂ ਵਿੱਚ ਲਪੇਟ ਕੇ ਇਕੱਠੇ ਕੀਤੇ ਗਏ ਸਨ। ਅਸੀਂ ਮੈਡੀਕਲ ਅਫਸਰ ਦੇ ਸਾਹਮਣੇ ਨਕਦੀ ਵਲਸਾਡ ਸਿਟੀ ਪੁਲਿਸ ਨੂੰ ਸੌਂਪ ਦਿੱਤੀ।

ਜਾਣਕਾਰੀ ਦਿੰਦਿਆਂ ਵਲਸਾਡ ਸਿਵਲ ਹਸਪਤਾਲ ਦੇ ਡਾਕਟਰ ਕ੍ਰਿਸ਼ਨਾ ਪਟੇਲ ਨੇ ਦੱਸਿਆ, ‘ਜਦੋਂ ਮਰੀਜ਼ ਨੂੰ ਸਾਡੇ ਕੋਲ ਲਿਆਂਦਾ ਗਿਆ ਤਾਂ ਉਸ ਨੇ ਚਾਹ ਮੰਗੀ। ਅਸੀਂ ਸੋਚਿਆ ਕਿ ਉਹ ਭੁੱਖਾ ਸੀ ਅਤੇ ਉਸ ਦਾ ਬਲੱਡ ਸ਼ੂਗਰ ਦਾ ਪੱਧਰ ਘੱਟ ਗਿਆ ਸੀ। ਅਸੀਂ ਇਲਾਜ ਸ਼ੁਰੂ ਕਰ ਦਿੱਤਾ। ਇਕ ਘੰਟੇ ਬਾਅਦ ਉਸ ਦੀ ਮੌਤ ਹੋ ਗਈ। ਉਸ ਨੇ ਪਿਛਲੇ ਕੁਝ ਦਿਨਾਂ ਤੋਂ ਕੁਝ ਨਹੀਂ ਖਾਧਾ ਸੀ। ਅਜੇ ਤੱਕ ਭਿਖਾਰੀ ਦੀ ਪਛਾਣ ਨਹੀਂ ਹੋ ਸਕੀ ਹੈ।