ਲੁਧਿਆਣਾ | ਲੁਧਿਆਣਾ ਵਿਚ ਇਕ ਨਿੱਜੀ ਬੈਂਕ ਦੇ ਲੋਨ ਵਿਭਾਗ ਦਾ ਇਕ ਮੁਲਾਜ਼ਮ ਹੈਰੋਇਨ ਸਮੱਗਲਰ ਨਿਕਲਿਆ ਹੈ। ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਨੇ ਸਮੱਗਲਰ ਦੇ ਬੈਗ ‘ਚੋਂ ਕਰੀਬ 86 ਲੱਖ ਰੁਪਏ ਦੀ 1 ਕਿਲੋ 720 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਮੁਲਜ਼ਮ ਦੀ ਪਛਾਣ ਮੁਨੀਸ਼ ਸ਼ਰਮਾ ਮਨੀ ਵਾਸੀ ਲੇਬਰ ਕਾਲੋਨੀ, ਮੁਹੱਲਾ ਖੰਡ, ਅੰਮ੍ਰਿਤਸਰ ਵਜੋਂ ਹੋਈ ਹੈ।
STF ਲੁਧਿਆਣਾ ਰੇਂਜ ਦੇ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਮੁਨੀਸ਼ ਸ਼ਰਮਾ ਨੂੰ ਮੁਖ਼ਬਰ ਦੀ ਸੂਚਨਾ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਬੈਗ ਵਿਚ ਹੈਰੋਇਨ ਦੀ ਵੱਡੀ ਖੇਪ ਮਿਲੀ। ਮੁਲਜ਼ਮ ਮੁਨੀਸ਼ ਸ਼ਰਮਾ ਬੈਂਕ ਦੇ ਪੱਖੋਵਾਲ ਰੋਡ ਲੁਧਿਆਣਾ ਦੇ ਲੋਨ ਵਿਭਾਗ ਵਿਚ ਕੰਮ ਕਰਦਾ ਸੀ। ਇਸ ਦੀ ਆੜ ਵਿਚ ਉਹ ਹੈਰੋਇਨ ਦੀ ਤਸਕਰੀ ਦਾ ਧੰਦਾ ਕਰ ਰਿਹਾ ਸੀ। ਉਹ ਅੰਮ੍ਰਿਤਸਰ ਦੇ ਸਰਹੱਦੀ ਇਲਾਕਿਆਂ ਤੋਂ ਸਸਤੇ ਭਾਅ ‘ਤੇ ਹੈਰੋਇਨ ਲਿਆ ਕੇ ਲੁਧਿਆਣਾ ‘ਚ ਮਹਿੰਗੇ ਭਾਅ ‘ਤੇ ਸਪਲਾਈ ਕਰਦਾ ਸੀ।
ਮੁਲਜ਼ਮ ਮੁਨੀਸ਼ ਗਾਹਕਾਂ ਨੂੰ ਹੈਰੋਇਨ ਸਪਲਾਈ ਕਰਨ ਲਈ ਲੁਹਾਰਾ ਤੋਂ ਈਸ਼ਰ ਨਗਰ ਪੁਲੀ ਵੱਲ ਮੋਟਰਸਾਈਕਲ ’ਤੇ ਜਾ ਰਿਹਾ ਸੀ। STF ਦੇ DSP ਅਜੇ ਕੁਮਾਰ ਦੀ ਅਗਵਾਈ ਵਾਲੀ ਟੀਮ ਨੇ ਉਸ ਨੂੰ ਕਾਬੂ ਕੀਤਾ। ਕਾਲੇ ਬੈਗ ਦੀ ਤਲਾਸ਼ੀ ਲੈਣ ‘ਤੇ 1 ਕਿਲੋ 720 ਗ੍ਰਾਮ ਹੈਰੋਇਨ ਬਰਾਮਦ ਹੋਈ। ਮੁਲਜ਼ਮਾਂ ਦਾ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ। ਕਈ ਵੱਡੇ ਤਸਕਰਾਂ ਦੇ ਨਾਂ ਸਾਹਮਣੇ ਆਉਣ ਦੀ ਉਮੀਦ ਹੈ।