ਹੁਸ਼ਿਆਰਪੁਰ | ਇਥੋਂ ਦੇ ਪਿੰਡ ਦੀ ਮੰਦਬੁੱਧੀ ਲੜਕੀ ਨਾਲ ਪਿੰਡ ਦਾ ਹੀ 65 ਸਾਲ ਦਾ ਬਜ਼ੁਰਗ ਜਬਰ-ਜ਼ਨਾਹ ਕਰਦਾ ਰਿਹਾ, ਜਿਸ ਨੇ ਉਸ ਨੂੰ 8 ਮਹੀਨਿਆਂ ਦੀ ਗਰਭਵਤੀ ਬਣਾ ਦਿੱਤਾ। ਜਾਣਕਾਰੀ ਅਨੁਸਾਰ ਨਜ਼ਦੀਕੀ ਪਿੰਡ ਦੀ ਇਕ ਔਰਤ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਮਜ਼ਦੂਰੀ ਦਾ ਕੰਮ ਕਰਦੀ ਹੈ ਤੇ ਉਸ ਦੇ 3 ਬੱਚੇ ਹਨ ਅਤੇ ਸਾਰੇ ਮੰਦਬੁੱਧੀ ਹਨ। ਪਿੰਡ ਦੇ ਇਕ ਵਿਅਕਤੀ ਦਾ ਉਸ ਦੇ ਘਰ ਆਉਣਾ-ਜਾਣਾ ਸੀ।
ਉਸ ਨੇ ਦੱਸਿਆ ਕਿ ਜਦੋਂ ਉਹ ਕਿਸੇ ਕੰਮ ਲਈ ਬਾਹਰ ਜਾਂਦੀ ਸੀ ਤਾਂ ਪਿੰਡ ਦਾ ਹੀ ਉਕਤ ਬਜ਼ੁਰਗ ਉਸ ਦੇ ਘਰ ਆ ਜਾਂਦਾ ਸੀ। ਬਜ਼ੁਰਗ ਵਿਅਕਤੀ ਨੇ ਉਸ ਦੀ 19 ਸਾਲ ਦੀ ਲੜਕੀ ਜੋ ਕਿ ਮੰਦਬੁੱਧੀ ਹੈ, ਨਾਲ ਜਬਰ-ਜ਼ਨਾਹ ਕਰਦਾ ਰਿਹਾ ਅਤੇ ਉਸ ਨੂੰ ਧਮਕੀਆਂ ਦਿੰਦਾ ਸੀ।
ਉਸ ਨੇ ਕਿਹਾ ਕਿ 3 ਦਿਨ ਪਹਿਲਾਂ ਅਚਾਨਕ ਉਸ ਦੀ ਲੜਕੀ ਦੀ ਤਬੀਅਤ ਵਿਗੜ ਗਈ । ਇਸ ਲਈ ਉਹ ਡਾਕਟਰ ਕੋਲ ਲੈ ਗਈ। ਡਾਕਟਰਾਂ ਨੇ ਉਸ ਦੀ ਸਕੈਨਿੰਗ ਕਰਵਾਈ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸਨੇ ਦੱਸਿਆ ਕਿ ਉਸਦੀ ਲੜਕੀ 8 ਮਹੀਨੇ ਦੀ ਗਰਭਵਤੀ ਸੀ। ਇਸ ਸਬੰਧੀ ਆਰੋਪੀ ਨਾਲ ਗੱਲ ਕੀਤੀ ਤਾਂ ਉਸ ਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਪਾਲੀ ਤੰਬੜ ਪੁੱਤਰ ਜੁਗਿੰਦਰ ਸਿੰਘ ਵਾਸੀ ਹਵੇਲੀ ਥਾਣਾ ਮਾਹਿਲਪੁਰ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।