ਮੋਗਾ, 26 ਸਤੰਬਰ | ਅਜੀਤਵਾਲ ‘ਚ ਨਾਜਾਇਜ਼ ਸਬੰਧਾਂ ਕਾਰਨ ਮੰਗਲਵਾਰ ਰਾਤ ਇਕ ਵਿਅਕਤੀ ਨੇ 50 ਸਾਲਾ ਔਰਤ ਦਾ ਸਿਰ ‘ਤੇ ਵਾਰ ਕਰ ਕੇ ਕਤਲ ਕਰ ਦਿੱਤਾ। ਉਕਤ ਔਰਤ ਕਰੀਬ 15 ਸਾਲਾਂ ਤੋਂ ਆਪਣੇ ਪਤੀ ਤੋਂ ਵੱਖ ਹੋ ਕੇ ਪਿੰਡ ਰੋਡੇ ‘ਚ ਆਪਣੇ ਪ੍ਰੇਮੀ ਮਨੀ ਨਾਲ ਰਹਿ ਰਹੀ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਮੋਗਾ ਦੇ ਸਿਵਲ ਹਸਪਤਾਲ ‘ਚ ਰਖਵਾ ਦਿੱਤਾ ਹੈ। ਪੁਲਿਸ ਨੇ ਔਰਤ ਦੇ ਲੜਕੇ ਦੀ ਸ਼ਿਕਾਇਤ ‘ਤੇ ਦੋਸ਼ੀ ਮਨੀ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਉਕਤ ਔਰਤ ਦਾ ਵਿਆਹ ਪਿੰਡ ਬੁੱਗੀਪੁਰਾ ਵਾਸੀ ਰੇਸ਼ਮ ਸਿੰਘ ਨਾਲ ਹੋਇਆ ਸੀ। ਉਸ ਦੇ ਤਿੰਨ ਪੁੱਤਰ ਵੀ ਹਨ। ਰੇਸ਼ਮ ਸ਼ਰਾਬ ਦੇ ਨਸ਼ੇ ‘ਚ ਉਸ ਦੀ ਕੁੱਟਮਾਰ ਕਰਦਾ ਸੀ। ਇਸ ਦੌਰਾਨ ਉਸ ਦੇ ਮਨੀ ਨਾਲ ਨਾਜਾਇਜ਼ ਸਬੰਧ ਬਣ ਗਏ। ਉਹ ਕਰੀਬ 15 ਸਾਲ ਪਹਿਲਾਂ ਆਪਣੇ ਪਤੀ ਨੂੰ ਛੱਡ ਕੇ ਮਨੀ ਨਾਲ ਰਹਿਣ ਲੱਗ ਪਈ ਸੀ। ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਮੰਗਲਵਾਰ ਰਾਤ ਨੂੰ ਮਨੀ ਅਤੇ ਔਰਤ ਵਿਚਾਲੇ ਕਾਫੀ ਲੜਾਈ ਹੋਈ ਸੀ। ਮਨੀ ਸਵੇਰੇ ਘਰੋਂ ਭੱਜ ਗਿਆ। ਲੋਕਾਂ ਨੂੰ ਸਵੇਰੇ ਘਰ ‘ਚ ਔਰਤ ਦੀ ਲਾਸ਼ ਮਿਲੀ। ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ।
ਔਰਤ ਦੇ ਲੜਕੇ ਨੇ ਦੱਸਿਆ ਕਿ ਉਸ ਦੀ ਮਾਤਾ ਪਿੰਡ ਰੋਡੇ ਵਾਸੀ ਮਨੀ ਨਾਲ ਅਜੀਤਵਾਲ ਵਿਖੇ ਰਹਿ ਰਹੀ ਸੀ। ਉਸ ਨੂੰ ਪੁਲਿਸ ਦਾ ਫੋਨ ਆਇਆ ਕਿ ਉਸ ਦੀ ਮਾਂ ਦੀ ਲਾਸ਼ ਮਿਲੀ ਹੈ। ਉਸ ਦੇ ਸਿਰ ‘ਤੇ ਸੱਟ ਦੇ ਨਿਸ਼ਾਨ ਹਨ। ਬੇਟੇ ਨੇ ਦੋਸ਼ ਲਾਇਆ ਕਿ ਮਨੀ ਨੇ ਉਸ ਦੀ ਮਾਂ ਦਾ ਕਤਲ ਕੀਤਾ ਹੈ।
ਜਾਂਚ ਅਧਿਕਾਰੀ ਏਐਸਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਮਨੀ ਅਤੇ ਔਰਤ ਅਜੀਤਵਾਲ ਵਿਚ ਕਿਰਾਏ ਦੇ ਮਕਾਨ ਵਿਚ ਰਹਿ ਰਹੇ ਸਨ। ਮੁਲਜ਼ਮ ਮਨੀ ਘਰੋਂ ਫਰਾਰ ਹੈ। ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਦੋਸ਼ੀ ਮਨੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।