ਗੁਰਦਾਸਪੁਰ, 27 ਸਤੰਬਰ | ਇਥੋਂ ਇਕ ਦੁਖਦਾਈ ਖਬਰ ਆਈ ਹੈ। ਸਥਾਨਕ ਕਸਬੇ ਦੇ ਇਕ ਨਿੱਜੀ ਸਕੂਲ ਵਿਚ ਪੜ੍ਹਦੇ 4 ਸਾਲ ਦੇ ਬੱਚੇ ਦੀ ਆਪਣੇ ਘਰ ਤੋਂ ਸਕੂਲ ਜਾਣ ਵਾਲੇ ਟੈਂਪੂ ਹੇਠ ਆ ਕੇ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮਰਹੂਮ ਰਿਚਰਡ ਮਸੀਹ ਪੁੱਤਰ ਰਾਜੂ ਮਸੀਹ ਪਿੰਡ ਤਲਵੰਡੀ ਦਾ ਰਹਿਣ ਵਾਲਾ ਸੀ। ਉਹ ਐੱਲ.ਕੇ.ਜੀ. ਦਾ ਵਿਦਿਆਰਥੀ ਸੀ ਤੇ ਰੋਜ਼ਾਨਾ ਆਪਣੇ ਪਿੰਡ ਤੋਂ ਇਕ ਨਿਜੀ ਟੈਂਪੂ ਰਾਹੀਂ ਕਾਹਨੂੰਵਾਨ ਦੇ ਸਕੂਲ ਵਿਚ ਪੜ੍ਹਨ ਲਈ ਆਉਂਦਾ ਸੀ।
ਬੀਤੇ ਦਿਨ ਜਦੋਂ ਇਹ ਵਿਦਿਆਰਥੀ ਸਵੇਰ ਸਮੇਂ ਟੈਂਪੂ ਵਿਚ ਸਵਾਰ ਹੋ ਕੇ ਸਕੂਲ ਲਈ ਗਿਆ ਤਾਂ ਘਰ ਤੋਂ ਕੁਝ ਦੂਰੀ ਉਤੇ ਹੀ ਇਹ ਟੈਂਪੂ ਸੜਕ ‘ਤੇ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ ਰਿਚਰਡ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਸੀ, ਉਸ ਨੂੰ ਇਲਾਜ ਲਈ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਜਿਥੇ ਉਹ ਜ਼ਖਮਾਂ ਦੀ ਤਾਬ ਨਾ ਝੱਲਦਾ ਹੋਇਆ ਜ਼ਿੰਦਗੀ ਦੀ ਜੰਗ ਹਾਰ ਗਿਆ।
ਇਸ ਸਬੰਧੀ ਜਦੋਂ ਸਕੂਲ ਪ੍ਰਿੰਸੀਪਲ ਮੈਡਮ ਸੈਲਵਮ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਕੂਲ ਵਿਚ ਵਿਦਿਆਰਥੀ ਭੇਜਣੇ ਅਤੇ ਵਾਪਸ ਲਿਜਾਉਣੇ ਮਾਪਿਆਂ ਦੀ ਡਿਊਟੀ ਹੈ, ਸਕੂਲ ਦੀ ਕੋਈ ਵੀ ਟਰਾਂਸਪੋਰਟ ਨਹੀਂ ਹੈ। ਸਕੂਲ ਤੋਂ ਬਾਹਰ ਸੜਕ ਉੱਤੇ ਵਾਪਰਨ ਵਾਲੀਆਂ ਘਟਨਾਵਾਂ ਲਈ ਵਾਹਨ ਚਾਲਕ ਅਤੇ ਇਨ੍ਹਾਂ ਵਾਹਨਾਂ ਦਾ ਪ੍ਰਬੰਧ ਕਰਨ ਵਾਲੇ ਲੋਕ ਜ਼ਿੰਮੇਵਾਰ ਹਨ।