ਨਵਾਂਸ਼ਹਿਰ ‘ਚ 27 ਸਾਲ ਨੌਜਵਾਨ ਦੀ ਓਵਰਡੋਜ਼ ਨਾਲ ਮੌਤ, ਐਕਟਿਵਾ ਸਮੇਤ ਡਿੱਗਾ ਸੀ ਰਾਹ ‘ਚ

0
2704

ਨਵਾਂਸ਼ਹਿਰ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਪਿੰਡ ਮਾਹਿਲ ਗਹਿਲਾ ਵਿਚ ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਸਪ੍ਰੀਤ ਮਨੋਤਾ ਵਜੋਂ ਹੋਈ ਹੈ, ਇਸ ਦੀ ਉਮਰ ਕਰੀਬ 27 ਸਾਲ ਦੱਸੀ ਜਾ ਰਹੀ ਹੈ।

ਮ੍ਰਿਤਕ ਦੇ ਭਰਾ ਮਨਪ੍ਰੀਤ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਇਹ ਕਹਿ ਕੇ ਘਰੋਂ ਆਇਆ ਸੀ ਕਿ ਉਹ ਕੁੱਲੂ ਮਨਾਲੀ ਆਪਣੇ ਦੋਸਤਾਂ ਨੂੰ ਮਿਲਣ ਜਾ ਰਿਹਾ ਹੈ। ਰਾਤ ਨੂੰ ਥਾਣਾ ਔੜ ਦੀ ਪੁਲਿਸ ਨੇ ਫੋਨ ਕਰਕੇ ਦੱਸਿਆ ਕਿ ਉਸ ਦੇ ਭਰਾ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਜਸਪ੍ਰੀਤ ਕੋਈ ਵੀ ਕੰਮਕਾਰ ਨਹੀਂ ਕਰਦਾ ਸੀ।

ਇਸ ਤੋਂ ਪਹਿਲਾਂ ਜਸਪ੍ਰੀਤ ਦੁਬਈ ਵੀ ਗਿਆ ਸੀ। ਉਹ 8-9 ਮਹੀਨੇ ਪਹਿਲਾਂ ਨਸ਼ਾ ਕਰਦਾ ਸੀ ਪਰ ਹੁਣ ਨਸ਼ਾ ਨਹੀਂ ਕਰਦਾ ਸੀ। ਉਸ ਨੇ ਦੱਸਿਆ ਕਿ ਉਹ ਆਪਣੇ ਘਰੋਂ ਐਕਟਿਵਾ ਲੈ ਕੇ ਆਇਆ ਸੀ ਪਰ ਜਦੋਂ ਜਾਣਕਾਰੀ ਮਿਲਣ ‘ਤੇ ਮੌਕੇ ‘ਤੇ ਦੇਖਿਆ ਤਾਂ ਦੋਵੇਂ ਡਿੱਗੇ ਪਏ ਮਿਲੇ।

ਤਫ਼ਤੀਸ਼ੀ ਅਫ਼ਸਰ ਬਲਬੀਰ ਰਾਮ ਨੇ ਦੱਸਿਆ ਕਿ ਥਾਣਾ ਸਦਰ ਨੂੰ ਸੂਚਨਾ ਮਿਲੀ ਸੀ ਕਿ ਐਕਟਿਵਾ ‘ਤੇ ਸਵਾਰ ਇਕ ਨੌਜਵਾਨ ਔੜ ਤੋਂ ਮੱਲਾ ਬੇਦੀਆ ਨੂੰ ਜਾਂਦੀ ਸੜਕ ‘ਤੇ ਡਿੱਗ ਗਿਆ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਨੌਜਵਾਨ ਪਿੰਡ ਮਾਹਿਲ ਗਹਿਲਾ ਦਾ ਵਸਨੀਕ ਹੈ।

ਨੌਜਵਾਨ ਦੀ ਮੌਤ ਦੀ ਸੂਚਨਾ ਮਿਲਦੇ ਹੀ ਥਾਣਾ ਔੜ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਅਤੇ ਸਿਵਲ ਹਸਪਤਾਲ ‘ਚ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤਾ। ਪੁਲਿਸ ਨੇ 174 ਤਹਿਤ ਕਾਰਵਾਈ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।