ਮੋਗਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਮੋਗਾ ਦੇ ਪਿੰਡ ਨੂਰਪੁਰ ਹਕੀਮਾ ਵਿਚ ਇਕ ਨੌਜਵਾਨ ਦੀ ਸ਼ੱਕੀ ਹਾਲਤ ਵਿਚ ਮੌਤ ਹੋ ਗਈ। ਉਸ ਦੀ ਲਾਸ਼ ਨੇੜਿਓਂ ਇਕ ਨਸ਼ੀਲੀ ਸਰਿੰਜ ਵੀ ਬਰਾਮਦ ਹੋਈ ਹੈ। ਪਿੰਡ ਦੀ ਨਸ਼ਾ-ਛੁਡਾਊ ਕਮੇਟੀ ਦੇ ਪ੍ਰਧਾਨ ਦੇ ਬਿਆਨਾਂ ’ਤੇ ਪਿੰਡ ਦੇ 5 ਨਸ਼ਾ ਤਸਕਰਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਮੁਲਜ਼ਮਾਂ ਵਿਚ 2 ਲੜਕੀਆਂ ਵੀ ਸ਼ਾਮਲ ਹਨ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਮਨਪ੍ਰੀਤ (26) ਵਜੋਂ ਹੋਈ ਹੈ। ਪਿੰਡ ਵਾਲਿਆਂ ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਨਸ਼ਾ ਕਰਦਾ ਆ ਰਿਹਾ ਸੀ। ਇਸ ਦੇ ਨਾਲ ਹੀ ਉਹ ਖੇਤੀ ਦਾ ਕੰਮ ਵੀ ਕਰਦਾ ਸੀ। ਉਨ੍ਹਾਂ ਨੂੰ ਉਸ ਦੇ ਨਸ਼ੇ ਦੀ ਆਦਤ ਬਾਰੇ 6 ਮਹੀਨੇ ਪਹਿਲਾਂ ਹੀ ਪਤਾ ਲੱਗਾ ਸੀ।
ਮਨਪ੍ਰੀਤ ਸਿੰਘ ਬੁੱਧਵਾਰ ਰਾਤ 8 ਵਜੇ ਬਾਈਕ ‘ਤੇ ਘਰੋਂ ਨਿਕਲਿਆ ਸੀ। ਘਰ ਵਾਲਿਆਂ ਨੇ ਰਾਤ ਭਰ ਉਸ ਨੂੰ ਫ਼ੋਨ ਕੀਤਾ ਪਰ ਉਸ ਨੇ ਫ਼ੋਨ ਨਹੀਂ ਚੁੱਕਿਆ। ਮਨਪ੍ਰੀਤ ਦੀ ਲਾਸ਼ ਵੀਰਵਾਰ ਸਵੇਰੇ ਪਿੰਡ ਨੂਰਪੁਰ ਹਕੀਮਾ ਲਿੰਕ ਰੋਡ ‘ਤੇ ਪਈ ਮਿਲੀ। ਲਾਸ਼ ਕੋਲ ਨਸ਼ੇ ਦੀ ਓਵਰਡੋਜ਼ ਵਾਲੀ ਸਰਿੰਜ, ਮੋਟਰਸਾਈਕਲ ਅਤੇ ਮੋਬਾਇਲ ਪਿਆ ਹੈ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ।