ਜਲੰਧਰ ‘ਚ ਨਸ਼ੇ ਦੀ ਓਵਰਡੋਜ਼ ਨਾਲ 20 ਸਾਲ ਦੇ ਨੌਜਵਾਨ ਦੀ ਮੌਤ, ਸੜਕ ‘ਤੇ ਪਿਆ ਸੀ ਬੇਸੁੱਧ

0
594

ਜਲੰਧਰ, 17 ਸਤੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਲੰਧਰ ਦੇ ਬਾਬਾ ਦੀਪ ਸਿੰਘ ਨਗਰ ‘ਚ ਸ਼ਨੀਵਾਰ ਨੂੰ ਇਕ ਨੌਜਵਾਨ ਦੀ ਸ਼ੱਕੀ ਹਾਲਤ ‘ਚ ਮੌਤ ਹੋ ਗਈ। ਮੌਤ ਦਾ ਕਾਰਨ ਨਸ਼ੇ ਦੀ ਓਵਰਡੋਜ਼ ਦੱਸਿਆ ਜਾ ਰਿਹਾ ਹੈ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ।

ਜਲੰਧਰ ‘ਚ ਨਸ਼ੇ ਕਾਰਨ ਆਪਣੀ ਜਾਨ ਗਵਾਉਣ ਵਾਲੇ ਭਾਵੁਕ ਸ਼ਰਮਾ (20) ਦੇ ਪਿਤਾ ਸੰਜੇ ਸ਼ਰਮਾ ਨੇ ਦੱਸਿਆ ਕਿ ਉਸ ਦਾ ਲੜਕਾ ਨਸ਼ੇ ਦਾ ਆਦੀ ਸੀ। ਉਸ ਦਾ ਨਸ਼ਾ-ਛੁਡਾਊ ਕੇਂਦਰ ਵਿਚ ਇਲਾਜ ਚੱਲ ਰਿਹਾ ਸੀ। ਉਸ ਨੂੰ 11 ਸਤੰਬਰ ਨੂੰ ਉੱਥੋਂ ਛੁੱਟੀ ਦੇ ਦਿੱਤੀ ਗਈ ਸੀ। ਉਹ ਸ਼ੁੱਕਰਵਾਰ ਦੇਰ ਸ਼ਾਮ ਘਰੋਂ ਇਹ ਕਹਿ ਕੇ ਨਿਕਲਿਆ ਸੀ ਕਿ ਉਹ ਦੋਸਤਾਂ ਨੂੰ ਮਿਲਣ ਜਾ ਰਿਹਾ ਹੈ ਪਰ ਦੇਰ ਰਾਤ ਤੱਕ ਘਰ ਨਹੀਂ ਆਇਆ। ਕਈ ਵਾਰ ਫੋਨ ਕੀਤਾ ਪਰ ਕੋਈ ਜਵਾਬ ਨਹੀਂ ਮਿਲਿਆ। ਕੁਝ ਸਮੇਂ ਬਾਅਦ ਜਦੋਂ ਉਸ ਨੇ ਦੁਬਾਰਾ ਫੋਨ ਕੀਤਾ ਤਾਂ ਕਿਸੇ ਰਾਹਗੀਰ ਨੇ ਉਸ ਦਾ ਫੋਨ ਚੁੱਕਿਆ ਅਤੇ ਦੱਸਿਆ ਕਿ ਉਸ ਦਾ ਲੜਕਾ ਕਾਲੀਆ ਕਾਲੋਨੀ ਨੇੜੇ ਬੇਹੋਸ਼ੀ ਦੀ ਹਾਲਤ ਵਿਚ ਪਿਆ ਹੈ।

ਸੰਜੇ ਸ਼ਰਮਾ ਨੇ ਦੱਸਿਆ ਕਿ ਜਦੋਂ ਉਹ ਆਪਣੇ ਸਾਥੀਆਂ ਸਮੇਤ ਮੌਕੇ ‘ਤੇ ਪਹੁੰਚੇ ਤਾਂ ਬੇਹੋਸ਼ੀ ਦੀ ਹਾਲਤ ‘ਚ ਉਹ ਉਸ ਨੂੰ ਚੁੱਕ ਕੇ ਘਰ ਲੈ ਆਇਆ। ਘਰ ਪਹੁੰਚਦੇ ਹੀ ਉਸ ਦੀ ਹਾਲਤ ਹੋਰ ਨਾਜ਼ੁਕ ਹੋ ਗਈ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪਰਿਵਾਰ ਨੇ ਪੁਲਿਸ ਨੂੰ ਸੂਚਨਾ ਦਿੱਤੀ ਹੈ।