ਘਰਾਂ ‘ਚ ਕੰਮ ਕਰਕੇ 5 ਜੀਆਂ ਦਾ ਪੇਟ ਪਾਲਦੀ 19 ਸਾਲਾ ਲੜਕੀ ਨੂੰ ਤੇਜ਼ ਰਫਤਾਰ ਟਰੱਕ ਨੇ ਕੁਚਲਿਆ

0
6919

ਸ੍ਰੀ ਮੁਕਤਸਰ ਸਾਹਿਬ : ਜਲਾਲਾਬਾਦ ਰੋਡ ਸੂਏ ਦੇ ਪੁਲ ਕੋਲ ਟੱਰਕ ਹੇਠਾਂ ਆਉਣ ਨਾਲ ਇੱਕ ਲੜਕੀ ਦੀ ਮੌਕੇ ਤੇ ਮੌਤ ਹੋ ਗਈ ਹੈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਜਲਾਲਾਬਾਦ ਰੋਡ ਸਥਿਤ ਗੁਰੂ ਨਾਨਕ ਕਲੋਨੀ ਗਲੀ ਨੰਬਰ 2 ਦੀ ਰਹਿਣ ਵਾਲੀ ਕਰੀਬ 19 ਸਾਲਾ ਲੜਕੀ ਮਨਪ੍ਰੀਤ ਕੌਰ ਪੁੱਤਰੀ ਬੂਟਾ ਸਿੰਘ ਸਾਈਕਲ ਜਰੀਏ ਕਿਤੇ ਕੰਮ ਜਾ ਰਹੀ ਸੀ ਕਿ ਇਸੇ ਦੌਰਾਨ ਜਲਾਲਾਬਾਦ ਰੋਡ ਸੂਏ ਦੇ ਪੁਲ ਕੋਲ ਉਹ ਠੇਕੇ ਮੂਹਰੇ ਇੱਕ ਟਰੱਕ ਦੇ ਹੇਠਾਂ ਆ ਗਈ, ਜਿਸ ਨਾਲ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਦੱਸਦੇ ਹਨ ਕਿ ਟਰੱਕ ਚਾਲਕ ਹਾਦਸੇ ਨੂੰ ਅੰਜਾਮ ਦੇਣ ਮਗਰੋਂ ਟੱਰਕ ਛੱਡ ਕੇ ਫਰਾਰ ਹੋ ਗਿਆ।

ਹਾਦਸੇ ਦਾ ਪਤਾ ਲਗਦਿਆਂ ਹੀ ਲੜਕੀ ਦੀ ਮਾਂ ਤੇ ਹੋਰ ਪਰਿਵਾਰਕ ਮੈਂਬਰ ਵੀ ਮੌਕੇ ਤੇ ਪਹੁੰਚ ਚੁੱਕੇ ਸਨ ਜਿਨਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਲੜਕੀ ਦੀ ਮਾਂ ਰਾਣੀ ਤੇ ਹੋਰ ਰਿਸ਼ਤੇਦਾਰਾਂ ਵੱਲੋਂ ਟਰ੍ਕ ਚਾਲਕ ਦੇ ਨਾਲ-ਨਾਲ ਠੇਕਾ ਮਾਲਕਾਂ ਨੂੰ ਵੀ ਇਸ ਹਾਦਸੇ ਲਈ ਜਿੰਮੇਵਾਰ ਠਹਿਰਾਇਆ ਜਾ ਰਿਹਾ ਹੈ, ਕਿਉਂਕਿ ਮੇਨ ਰੋਡ ਤੇ ਠੇਕਾ ਹੋਣ ਦੇ ਚਲਦਿਆਂ ਗੱਡੀਆਂ ਰੋਡ ਤੇ ਖੜੀਆਂ ਰਹਿੰਦੀਆਂ ਨੇ ਤੇ ਇੱਥੋਂ ਵਹੀਕਲਾਂ ਦਾ ਲਾਂਘਾ ਔਖਾ ਹੋ ਜਾਂਦਾ ਹੈ। ਦੱਸਦੇ ਨੇ ਕਿ ਅੱਜ ਵੀ ਮੌਕੇ ਤੇ ਇੱਕ ਬੁਲੇਰੋ ਗੱਡੀ ਖੜੀ ਸੀ ਜਿਸ ਦੇ ਚਲਦਿਆਂ ਹੀ ਟਰੱਕ ਚਾਲਕ ਵੱਲੋਂ ਮੋੜ ਕੱਟਣ ਲੱਗਿਆਂ ਇਹ ਹਾਦਸੇ ਨੂੰ ਅੰਜਾਮ ਦੇ ਦਿੱਤਾ ਗਿਆ ਹੈ। ਉੱਧਰ ਲੋਕਾਂ ਵੱਲੋਂ ਹੰਗਾਮਾ ਕਰਨ ਮਗਰੋਂ ਠੇਕਾ ਸੰਚਾਲਕਾਂ ਨੇ ਠੇਕੇ ਦੇ ਸ਼ੂਟਰ ਬੰਦ ਕਰ ਲਏ। ਮੌਕੇ ਤੇ ਪਹੁੰਚੇ ਥਾਣਾ ਸਿਟੀ ਦੇ ਏਐਸਆਈ ਦਲਬੀਰ ਸਿੰਘ ਨੇ ਦੱਸਿਆ ਕਿ ਉਨਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।