ਬੇਰਹਿਮੀ ਨਾਲ 15 ਸਾਲ ਦੀ ਕੁੜੀ ਨੂੰ ਬੰਨ੍ਹ ਕੇ ਭੂਆ-ਫੁੱਫੜ ਕਰਦੇ ਸੀ ਕੁੱਟਮਾਰ, ਪਿੰਡ ਵਾਲਿਆਂ ਨੇ ਮੌਕੇ ‘ਤੇ ਬਚਾਇਆ, ਆਰੋਪੀ ਭੱਜੇ

0
469

ਮੋਹਾਲੀ | ਨਜ਼ਦੀਕੀ ਪਿੰਡ ਬਰੋਲੀ ਵਿਖੇ ਭੂਆ ਅਤੇ ਫੁੱਫੜ ਵੱਲੋਂ ਪੰਦਰਾਂ ਸਾਲ ਦੀ ਲੜਕੀ ਨੂੰ ਘਰ ਦੇ ਅੰਦਰ ਬੰਨ੍ਹ ਕੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਪਿੰਡ ਬਰੋਲੀ ਦੇ ਵਿਅਕਤੀਆਂ ਨੇ ਕੁੜੀ ਨੂੰ ਜ਼ਖ਼ਮੀ ਹਾਲਤ ‘ਚ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਿਸ ਨੇ ਆਰੋਪੀਆਂ ਖਿਲਾਫ਼ ਮੁਕੱਦਮਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।

ASI ਕੁਲਦੀਪ ਸਿੰਘ ਨੇ ਦੱਸਿਆ ਕਿ ਪਿੰਡ ਬਰੋਲੀ ਦੀ ਰਹਿਣ ਵਾਲੀ ਮਹਿਲਾ ਅਕਬਰੀ ਪਤਨੀ ਸਾਬਰਦੀਨ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਪਿੰਡ ਬਰੋਲੀ ਵਿਖੇ ਜਾਗੀਰ ਖਾਨ ਤੇ ਉਸ ਦੀ ਪੋਤੀ ਮਹਿਕ 17 ਸਾਲਾ, ਪੋਤੀ ਰੁਕਸਾਨਾ 15 ਸਾਲਾ ਤੇ ਉਸਦੀ ਲੜਕੀ ਸਬੀਨਾ ਤੇ ਜਵਾਈ ਜਰਨੈਲ ਸਿੰਘ ਵੀ ਉਨ੍ਹਾਂ ਦੇ ਪਿੰਡ ਵਿਚ ਰਹਿ ਰਹੇ ਹਨ। ਜਾਗੀਰ ਦੇ ਲੜਕੇ ਮੁਹੰਮਦ ਸਦੀਕ ਦੀ ਮੌਤ ਤੋਂ ਬਾਅਦ ਉਸ ਦੀ ਨੂੰਹ ਸਬੀਨਾ ਨੇ ਦੂਸਰਾ ਵਿਆਹ ਕਰ ਲਿਆ ਸੀ, ਜਿਸ ਤੋਂ ਬਾਅਦ ਉਸ ਦੀ ਦੋਵੇਂ ਕੁੜੀਆਂ ਦੀ ਦੇਖਭਾਲ ਜਾਗੀਰ ਖਾਨ ਤੇ ਉਸ ਦੀ ਲੜਕੀ ਸਬੀਨਾ ਕਰ ਰਹੇ ਸੀ।

ਸ਼ਿਕਾਇਤਕਰਤਾ ਨੇ ਦੱਸਿਆ ਕਿ 18 ਜਨਵਰੀ ਨੂੰ 12 ਵਜੇ ਦੁਪਹਿਰ ਨੂੰ ਘਰ ਨੇੜਿਓਂ ਕਿਸੇ ਦੇ ਰੌਣ ਦੀ ਆਵਾਜ਼ ਆ ਰਹੀ ਸੀ। ਜਦੋਂ ਉਨ੍ਹਾਂ ਨੇ ਦੇਖਿਆ ਤਾਂ ਜਾਗੀਰ ਦੀ ਲੜਕੀ ਤੇ ਉਸ ਦਾ ਜਵਾਈ ਜਰਨੈਲ ਸਿੰਘ ਆਪਣੀ ਭਤੀਜੀ ਰੁਕਸਾਨਾ ਨੂੰ ਕੁੱਟਮਾਰ ਕਰ ਰਹੇ ਸੀ। ਉਨ੍ਹਾਂ ਦੱਸਿਆ ਕਿ ਉਸ ਦੀ ਭੂਆ ਸਬੀਨਾ ਨੇ ਵਿਹੜੇ ‘ਚ ਪਿਆ ਪੱਥਰ ਰੁਕਸਾਨਾ ਦੇ ਸਿਰ ‘ਤੇ ਮਾਰਿਆ।
ਉਹ ਗੰਭੀਰ ਜ਼ਖ਼ਮੀ ਹੋ ਗਈ। ਬਾਅਦ ‘ਚ ਆਰੋਪੀਆਂ ਨੇ ਕੁੜੀ ਨੂੰ ਰੱਸੀ ਨਾਲ ਬੰਨ੍ਹ ਕੇ ਘਰ ਵਿਚ ਬੰਦ ਕਰ ਲਿਆ। ਉਸ ਤੋਂ ਬਾਅਦ ਪਿੰਡ ਦੇ ਦਰਜਨਾਂ ਵਿਅਕਤੀਆਂ ਜਾਗੀਰ ਖਾਨ ਦੇ ਘਰ ਜਾ ਕੇ ਦੇਖਿਆ ਤਾਂ 15 ਸਾਲ ਦੀ ਰੁਕਸਾਨਾ ਨੂੰ ਭੂਆ ਤੇ ਫੁੱਫੜ ਨੇ ਰੱਸੀਆਂ ਨਾਲ ਬੰਨ੍ਹ ਕੇ ਕਮਰੇ ਵਿਚ ਬੰਦ ਕੀਤਾ ਹੋਇਆ ਸੀ।

ਪਿੰਡ ਵਾਲਿਆਂ ਦੀ ਮਦਦ ਨਾਲ ਉਸ ਨੂੰ ਛੁਡਾਇਆ ਗਿਆ ਤੇ ਇਲਾਜ ਲਈ ਡੇਰਾਬੱਸੀ ਦੇ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਪੁਲਿਸ ਦੇ ਪੁੱਛਣ ‘ਤੇ ਰੁਕਸਾਨਾ ਨੇ ਦੱਸਿਆ ਕਿ ਉਸ ਦੀ ਭੂਆ ਤੇ ਫੁੱਫੜ ਨੇ ਉਸ ਨੂੰ ਰੱਸੀਆਂ ਨਾਲ ਬੰਨ੍ਹ ਕੇ ਘਰ ਵਿਚ ਕੈਦ ਕੀਤਾ ਹੋਇਆ ਸੀ ਅਤੇ ਅਕਸਰ ਉਸਦੀ ਕੁੱਟਮਾਰ ਕਰਦੇ ਸਨ। ਇਸ ਮਾਮਲੇ ‘ਚ ਐਕਸ਼ਨ ਲੈਂਦੇ ਹੋਏ ਚਾਈਲਡ ਹੈਲਪ ਲਾਈਨ ਦੀ ਕੋਆਰਡੀਨੇਟਰ ਸ਼ੀਤਲ ਸੰਗੋਥਾ ਨੇ ਸਰਕਾਰੀ ਹਸਪਤਾਲ ਡੇਰਾਬੱਸੀ ਦਾ ਦੌਰਾ ਕਰਕੇ ਆਰੋਪੀਆਂ ਖਿਲਾਫ਼ ਕਾਰਵਾਈ ਕਰਨ ਲਈ ਨਿਰਦੇਸ਼ ਜਾਰੀ ਕੀਤੇ।

ਇਸ ਤੋਂ ਬਾਅਦ ਡੇਰਾਬੱਸੀ ਪੁਲਿਸ ਹਰਕਤ ਵਿਚ ਆਈ ਅਤੇ ਸਬੀਨਾ ਅਤੇ ਜਰਨੈਲ ਸਿੰਘ ਖਿਲਾਫ ਜੁਵਲਾਈਨ ਐਕਟ ਤਹਿਤ ਮਾਮਲਾ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਹੈ।