ਸਫਾਈ ਦਾ ਕੰਮ ਕਰਨ ਗਈ 14 ਸਾਲਾ ਲੜਕੀ ਨੇ ਕੀਤਾ ਸੁਸਾਈਡ, ਪਰਿਵਾਰ ਦਾ ਆਰੋਪ – ਮਾਲਕ ਨੇ ਕੀਤਾ ਬਲਾਤਕਾਰ

0
635

ਲੁਧਿਆਣਾ। ਲੁਧਿਆਣਾ ਦੇ ਉਪਕਾਰ ਨਗਰ ’ਚ ਸ਼ੱਕੀ ਹਾਲਾਤ ਵਿਚ ਇਕ 14 ਸਾਲਾ ਲੜਕੀ ਦੀ ਮੌਤ ਹੋਣ ਦੇ ਮਾਮਲੇ ਵਿਚ ਮ੍ਰਿਤਕ ਦੇ ਰਿਸ਼ਤੇਦਾਰਾਂ ਵੱਲੋਂ ਅੱਜ ਦੂਜੇ ਦਿਨ ਵੀ ਪੁਲਿਸ ਖਿਲਾਫ ਜੰਮ ਕੇ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀ ਪੁਲਿਸ ਕਮਿਸ਼ਨਰ ਦਫ਼ਤਰ ਦਾ ਘਿਰਾਓ ਕਰਨਾ ਚਾਹੁੰਦੇ ਸਨ ਪਰ ਪੁਲਿਸ ਨੇ ਉਨ੍ਹਾਂ ਨੂੰ ਭਾਰਤ ਨਗਰ ਚੌਕ ਤੋਂ ਅੱਗੇ ਨਹੀਂ ਜਾਣ ਦਿੱਤਾ, ਜਿਸ ਕਾਰਨ ਉਹ ਭਾਰਤ ਨਗਰ ਚੌਕ ਨਜ਼ਦੀਕ ਹੀ ਪੁਲਿਸ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕਰਨ ਲੱਗ ਪਏ ਅਤੇ ਪੁਲਿਸ ਉਪਰ ਦੋਸ਼ੀਆਂ ਨੂੰ ਬਚਾਉਣ ਦੇ ਦੋਸ਼ ਲਗਾਉਂਦੇ ਰਹੇ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਉਪਕਾਰ ਨਗਰ ਦੇ ਇੱਕ ਘਰ ਵਿੱਚ ਕੰਮ ਕਰਨ ਵਾਲੀ ਚੌਦਾਂ ਸਾਲਾ ਲੜਕੀ ਦੀ ਸ਼ੱਕੀ ਹਾਲਾਤ ‘ਚ ਮੌਤ ਹੋ ਗਈ ਸੀ। ਪਰ ਪਰਿਵਾਰਕ ਮੈਂਬਰਾਂ ਵੱਲੋਂ ਹੱਤਿਆ ਦੇ ਦੋਸ਼ ਲਗਾਏ ਜਾ ਰਹੇ ਹਨ।

ਪ੍ਰਦਰਸ਼ਨ ਕਰ ਰਹੇ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪੁਲਿਸ ਇਸ ਮਾਮਲੇ ਵਿਚ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਕਾਰਨ ਉਹ ਧਰਨਾ ਪ੍ਰਦਰਸ਼ਨ ਕਰ ਰਹੇ ਹਨ । ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਪੁਲਿਸ  ’ਤੇ ਬਿਲਕੁਲ ਵੀ ਭਰੋਸਾ ਨਹੀਂ ਹੈ। ਉਥੇ ਹੀ ਮੌਕੇ ‘ਤੇ ਮੌਜੂਦ ਪੁਲਿਸ  ਅਧਿਕਾਰੀ ਨੇ ਕਿਹਾ ਕਿ ਇਸ ਮਾਮਲੇ ਵਿਚ 302 ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਲਿਆ ਗਿਆ ਹੈ, ਜਿਸ ਵਿਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ।