ਸੁਲਤਾਨਪੁਰ| ਮਾਂ ਤੇ ਚਾਚੇ ਦੀ ਕਾਲੀ ਕਰਤੂਤ ਅੱਖੀਂ ਦੇਖਣ ਦੀ ਸਜ਼ਾ 12 ਸਾਲਾ ਮਾਸੂਮ ਨੂੰ ਜਾਨ ਗੁਆ ਕੇ ਭੁਗਤਣੀ ਪਈ। ਯੂਪੀ ਦੇ ਸੁਲਤਾਨਪੁਰ ਵਿਚ ਸ਼ੁੱਕਰਵਾਰ ਸਵੇਰੇ ਇਕ 12 ਸਾਲਾ ਮਾਸੂਮ ਨੂੰ ਉਸਦੇ ਹੀ ਚਾਚੇ ਨੇ ਗਲ਼ਾ ਘੁੱਟ ਕੇ ਮਾਰ ਦਿੱਤਾ।
ਕਤਲ ਤੋਂ ਪਹਿਲਾਂ ਉਸ ਉਤੇ ਭਾਰੀ ਤਸ਼ੱਦਦ ਵੀ ਕੀਤਾ ਗਿਆ। ਬੱਚੇ ਦੇ ਮੂੰਹ ਤੇ ਚਿਹਰੇ ਤੇ ਪਏ ਨਿਸ਼ਾਨ ਤਸ਼ੱਦਦ ਦੀ ਗਵਾਹੀ ਭਰਦੇ ਸਨ। ਪੈਰ ਦੇ ਅੰਗੂਠੇ ਤੇ ਵੀ ਕੱਟ ਦਾ ਨਿਸ਼ਾਨ ਸੀ ਤੇ ਹੱਥਾਂ ਉਤੇ ਵੀ ਕੱਟ ਦੇ ਨਿਸ਼ਾਨ ਸਨ। ਇਹ ਘਟਨਾ ਬਲਦੀਰਾਈ ਥਾਣਾ ਇਲਾਕੇ ਦੇ ਪਿੰਡ ਗੌਰਾ ਬਾਰਾ ਮੋ ਦੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਬੱਬਨ ਉਰਫ ਗੋਲੇ ਪਾਸੀ ਦੇ 12 ਸਾਲਾ ਲੜਕੇ ਸ਼ਿਵ ਦਾ ਗਲ਼ਾ ਘੁੱਟ ਕੇ ਕਤਲ ਕੀਤਾ ਗਿਆ। ਉਹ ਛੇਵੀਂ ਜਮਾਤ ਦਾ ਵਿਦਿਆਰਥੀ ਸੀ।
ਥਾਣਾ ਸਦਰ ਦੇ ਇੰਸਪੈਕਟਰ ਅਮਰੇਂਦਰ ਬਹਾਦਰ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਲਗਭਗ 10.30 ਵਜੇ ਸੋਨੂੰ ਨਾਂ ਦੇ ਚਾਚੇ ਨੇ ਆਪਣੇ ਭਤੀਜੇ ਸ਼ਿਵ ਦਾ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ। ਥਾਣਾ ਮੁਖੀ ਨੇ ਦੱਸਿਆ ਕਿ ਸਾਹਮਣੇ ਆਇਆ ਹੈ ਕਿ ਬੱਚੇ ਨੇ ਆਪਣੀ ਮਾਂ ਤੇ ਚਾਚੇ ਨੂੰ ਸਰੀਰਕ ਸਬੰਧ ਬਣਾਉਂਦਿਆਂ ਦੇਖ ਲਿਆ ਸੀ। ਚਾਚੇ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਐਸਪੀ ਸੋਮੇਨ ਬਰਮਾ ਨੇ ਦੱਸਿਆ ਕਿ ਪ੍ਰੇਮ ਸਬੰਧਾਂ ਕਾਰਨ ਇਹ ਕਤਲ ਹੋਇਆ ਹੈ। ਮੁਲਜ਼ਮ ਨੂੰ ਹਿਰਾਸਤ ਵਿਚ ਲੈ ਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।