ਅੰਮ੍ਰਿਤਸਰ/ਰਾਜਸਥਾਨ, 27 ਮਈ — ਰਾਜਸਥਾਨ ਵਿੱਚ ਆਕਸੀਟੋਸਿਨ ਇੰਜੈਕਸ਼ਨ ਲੱਗਣ ਤੋਂ ਬਾਅਦ ਪੰਜ ਗਰਭਵਤੀ ਮਹਿਲਾਵਾਂ ਦੀ ਮੌਤ ਦੇ ਮਾਮਲੇ ਨੇ ਹੜਕੰਪ ਮਚਾ ਦਿੱਤਾ ਹੈ। ਇਸ ਮਾਮਲੇ ਦੇ ਤਾਰ ਅੰਮ੍ਰਿਤਸਰ ਸਥਿਤ ਜੈਕਸਨ ਫੈਕਟਰੀ ਨਾਲ ਜੁੜਦੇ ਨਜ਼ਰ ਆ ਰਹੇ ਹਨ, ਜਿੱਥੇ ਇਹ ਇੰਜੈਕਸ਼ਨ ਤਿਆਰ ਕੀਤੇ ਜਾਂਦੇ ਹਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸਿਹਤ ਵਿਭਾਗ ਅਤੇ ਜਾਂਚ ਏਜੰਸੀਆਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜਾਣਕਾਰੀ ਮੁਤਾਬਕ ਰਾਜਸਥਾਨ ਵਿੱਚ ਪ੍ਰਭਾਵਿਤ ਮਹਿਲਾਵਾਂ ਨੂੰ ਆਕਸੀਟੋਸਿਨ ਇੰਜੈਕਸ਼ਨ ਦੇ ਨਾਲ ਹੋਰ ਕਈ ਦਵਾਈਆਂ ਵੀ ਦਿੱਤੀਆਂ ਗਈਆਂ ਸਨ, ਜਿਸ ਕਾਰਨ ਮੌਤਾਂ ਦੇ ਅਸਲ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਦਵਾਈਆਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ ਅਤੇ ਪੂਰੀ ਸਪਲਾਈ ਚੇਨ ਦੀ ਜਾਂਚ ਕੀਤੀ ਜਾ ਰਹੀ ਹੈ।
ਮੀਡੀਆ ਟੀਮ ਵੱਲੋਂ ਅੰਮ੍ਰਿਤਸਰ ਸਥਿਤ ਜੈਕਸਨ ਫੈਕਟਰੀ ਦਾ ਦੌਰਾ ਕਰਨ ਦੌਰਾਨ ਸੁਰੱਖਿਆ ਕਰਮਚਾਰੀਆਂ ਨੇ ਅੰਦਰ ਜਾਣ ਤੋਂ ਰੋਕ ਦਿੱਤਾ। ਬਾਅਦ ਵਿੱਚ ਫੈਕਟਰੀ ਮੈਨੇਜਮੈਂਟ ਵੱਲੋਂ ਦਾਅਵਾ ਕੀਤਾ ਗਿਆ ਕਿ ਕੰਪਨੀ ਜਾਂਚ ਏਜੰਸੀਆਂ ਨੂੰ ਪੂਰਾ ਸਹਿਯੋਗ ਦੇ ਰਹੀ ਹੈ।
ਫੈਕਟਰੀ ਮਾਲਕ ਜੁਗਲ ਕਿਸ਼ੋਰ ਨੇ ਮੰਨਿਆ ਕਿ ਇੰਜੈਕਸ਼ਨ ਰਾਜਸਥਾਨ ਭੇਜੇ ਗਏ ਸਨ, ਪਰ ਉਨ੍ਹਾਂ ਕਿਹਾ ਕਿ ਮੌਤਾਂ ਦਾ ਕਾਰਨ ਸਿਰਫ਼ ਆਕਸੀਟੋਸਿਨ ਹੈ ਜਾਂ ਹੋਰ ਦਵਾਈਆਂ ਦਾ ਰਿਐਕਸ਼ਨ, ਇਹ ਅਜੇ ਸਪਸ਼ਟ ਨਹੀਂ ਹੈ। ਉਨ੍ਹਾਂ ਦੱਸਿਆ ਕਿ ਉਹ 40 ਸਾਲਾਂ ਤੋਂ ਇਹ ਦਵਾਈ ਤਿਆਰ ਕਰ ਰਹੇ ਹਨ ਅਤੇ ਪਹਿਲਾਂ ਇਸ ਤਰ੍ਹਾਂ ਦਾ ਕੋਈ ਗੰਭੀਰ ਮਾਮਲਾ ਸਾਹਮਣੇ ਨਹੀਂ ਆਇਆ।
ਸਿਹਤ ਵਿਭਾਗ ਵੱਲੋਂ ਹੁਣ ਦਵਾਈ ਬੈਚ, ਨਿਰਮਾਣ ਪ੍ਰਕਿਰਿਆ ਅਤੇ ਹਸਪਤਾਲਾਂ ਵਿੱਚ ਵਰਤੀ ਗਈ ਦਵਾਈਆਂ ਦੀ ਵਿਸਥਾਰ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਨੇ ਦਵਾਈ ਨਿਰਮਾਣ ਪ੍ਰਕਿਰਿਆ ਅਤੇ ਨਿਗਰਾਨੀ ਪ੍ਰਣਾਲੀ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।





































