ਚੌਥੀ ਵਾਰ ਵਧੇ ਪੈਟਰੋਲ-ਡੀਜ਼ਲ ਦੇ ਰੇਟ, ਮਹਿੰਗਾਈ ਨੇ ਆਮ ਲੋਕਾਂ ਦੀ ਵਧਾਈ ਚਿੰਤਾ

0
6

ਅੰਤਰਰਾਸ਼ਟਰੀ ਪੱਧਰ ‘ਤੇ ਚੱਲ ਰਹੀ ਜੰਗ ਅਤੇ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਦੇ ਚੱਲਦੇ ਕੇਂਦਰ ਸਰਕਾਰ ਵੱਲੋਂ ਇੱਕ ਵਾਰ ਫਿਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। ਲਗਾਤਾਰ ਚੌਥੀ ਵਾਰ ਵਧੇ ਇੰਧਨ ਦੇ ਰੇਟਾਂ ਕਾਰਨ ਆਮ ਲੋਕਾਂ ‘ਤੇ ਮਹਿੰਗਾਈ ਦਾ ਬੋਝ ਹੋਰ ਵੱਧ ਗਿਆ ਹੈ।

ਨਵੇਂ ਰੇਟਾਂ ਮੁਤਾਬਿਕ ਪੈਟਰੋਲ ਦੀ ਕੀਮਤ 102 ਰੁਪਏ 97 ਪੈਸੇ ਤੋਂ ਵੱਧ ਕੇ 105 ਰੁਪਏ 56 ਪੈਸੇ ਪ੍ਰਤੀ ਲੀਟਰ ਹੋ ਗਈ ਹੈ। ਇਸ ਤਰ੍ਹਾਂ ਪੈਟਰੋਲ ‘ਤੇ 2 ਰੁਪਏ 59 ਪੈਸੇ ਦਾ ਵਾਧਾ ਹੋਇਆ ਹੈ। ਇਸੇ ਤਰ੍ਹਾਂ ਡੀਜ਼ਲ ਦੀ ਕੀਮਤ 92 ਰੁਪਏ 82 ਪੈਸੇ ਤੋਂ ਵੱਧ ਕੇ 95 ਰੁਪਏ 47 ਪੈਸੇ ਪ੍ਰਤੀ ਲੀਟਰ ਹੋ ਗਈ ਹੈ, ਜਿਸ ਨਾਲ ਡੀਜ਼ਲ ‘ਤੇ 2 ਰੁਪਏ 65 ਪੈਸੇ ਦਾ ਇਜਾਫ਼ਾ ਹੋਇਆ ਹੈ।

ਸਰਕਾਰ ਵੱਲੋਂ ਕੀਮਤਾਂ ਵਿੱਚ ਵਾਧੇ ਦਾ ਕਾਰਨ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਜੰਗੀ ਹਾਲਾਤਾਂ ਨੂੰ ਦੱਸਿਆ ਜਾ ਰਿਹਾ ਹੈ। ਪਰ ਇਸ ਵਾਧੇ ਦਾ ਸਿੱਧਾ ਅਸਰ ਆਮ ਲੋਕਾਂ ਦੀ ਜੇਬ ‘ਤੇ ਪੈ ਰਿਹਾ ਹੈ। ਪੈਟਰੋਲ ਅਤੇ ਡੀਜ਼ਲ ਮਹਿੰਗੇ ਹੋਣ ਨਾਲ ਆਵਾਜਾਈ ਦੇ ਖਰਚੇ ਵਧਣਗੇ, ਜਿਸ ਕਾਰਨ ਖਾਣ-ਪੀਣ ਸਮੇਤ ਹੋਰ ਜ਼ਰੂਰੀ ਵਸਤੂਆਂ ਦੇ ਭਾਅ ਵੀ ਵਧਣ ਦੀ ਸੰਭਾਵਨਾ ਬਣ ਗਈ ਹੈ।



ਇਸ ਮਾਮਲੇ ਨੂੰ ਲੈ ਕੇ ਲੋਕਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਰਾਜ਼ਗੀ ਜਤਾਈ ਹੈ। ਲੋਕਾਂ ਦਾ ਕਹਿਣਾ ਹੈ ਕਿ ਸਭ ਤੋਂ ਵੱਧ ਅਸਰ ਦਿਹਾੜੀਦਾਰ ਅਤੇ ਮੱਧ ਵਰਗ ‘ਤੇ ਪੈ ਰਿਹਾ ਹੈ। ਇੱਕ ਵਿਅਕਤੀ ਪ੍ਰਭੂਦੀਪ ਸਿੰਘ ਨੇ ਕਿਹਾ ਕਿ ਜਿਹੜੇ ਲੋਕ ਰੋਜ਼ ਕਮਾਉਂਦੇ ਅਤੇ ਰੋਜ਼ ਖਾਂਦੇ ਹਨ, ਉਹਨਾਂ ਲਈ ਹੁਣ ਘਰ ਚਲਾਉਣਾ ਔਖਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪੈਟਰੋਲ-ਡੀਜ਼ਲ ਮਹਿੰਗਾ ਹੋਣ ਨਾਲ ਹਰ ਚੀਜ਼ ਦੇ ਭਾਅ ਵਧ ਜਾਂਦੇ ਹਨ ਅਤੇ ਇਸ ਦਾ ਬੋਝ ਸਿੱਧਾ ਆਮ ਆਦਮੀ ‘ਤੇ ਪੈਂਦਾ ਹੈ।

ਇੱਕ ਹੋਰ ਵਿਅਕਤੀ ਨੇ ਕਿਹਾ ਕਿ ਇੰਧਨ ਦੇ ਰੇਟ ਲਗਾਤਾਰ ਵਧ ਰਹੇ ਹਨ ਪਰ ਲੋਕਾਂ ਦੀ ਆਮਦਨ ਵਿੱਚ ਕੋਈ ਵਾਧਾ ਨਹੀਂ ਹੋ ਰਿਹਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਇਹੀ ਹਾਲਾਤ ਰਹੇ ਤਾਂ ਆਉਣ ਵਾਲੇ ਦਿਨਾਂ ਵਿੱਚ ਮਹਿੰਗਾਈ ਹੋਰ ਵਧੇਗੀ ਅਤੇ ਆਮ ਲੋਕਾਂ ਲਈ ਜੀਵਨ ਬਤੀਤ ਕਰਨਾ ਹੋਰ ਵੀ ਮੁਸ਼ਕਲ ਹੋ ਜਾਵੇਗਾ।

ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਤੇ ਰਾਹਤ ਦਿੱਤੀ ਜਾਵੇ ਅਤੇ ਮਹਿੰਗਾਈ ਨੂੰ ਕਾਬੂ ਕਰਨ ਲਈ ਠੋਸ ਕਦਮ ਚੁੱਕੇ ਜਾਣ।