ਜਲੰਧਰ, 27 ਮਾਰਚ | ਜਲੰਧਰ ਦੇ ਟ੍ਰਾਂਸਪੋਰਟ ਨਗਰ ਇਲਾਕੇ ਵਿੱਚ ਪੁਰਾਣੀ ਛੱਤ ਤੋੜਣ ਦੌਰਾਨ ਇੱਕ ਦਰਦਨਾਕ ਹਾਦਸਾ ਵਾਪਰ ਗਿਆ, ਜਿਸ ਵਿੱਚ ਚਾਚਾ-ਭਤੀਜੇ ਦੀ ਮਲਬੇ ਹੇਠਾਂ ਦਬ ਕੇ ਮੌਕੇ ’ਤੇ ਹੀ ਮੌਤ ਹੋ ਗਈ।
ਮ੍ਰਿਤਕਾਂ ਦੀ ਪਹਿਚਾਣ 38 ਸਾਲਾ ਦਿਨੇਸ਼ ਸਾਹਨੀ ਅਤੇ 33 ਸਾਲਾ ਰਾਜਾ ਸਾਹਨੀ ਵਜੋਂ ਹੋਈ ਹੈ, ਜੋ ਕਿ ਇਸ ਵੇਲੇ ਬੁਲੰਦਪੁਰ ਵਿੱਚ ਰਹਿ ਰਹੇ ਸਨ ਅਤੇ ਮੂਲ ਰੂਪ ਵਿੱਚ ਬਿਹਾਰ ਦੇ ਸਮਸਤਿਪੁਰ ਜ਼ਿਲ੍ਹੇ ਦੇ ਪਿੰਡ ਕਮਲਾ ਭਗਵਾਨਪੁਰ ਦੇ ਰਹਿਣ ਵਾਲੇ ਸਨ।
ਮਿਲੀ ਜਾਣਕਾਰੀ ਮੁਤਾਬਕ, ਦੋਵੇਂ ਟ੍ਰਾਂਸਪੋਰਟ ਨਗਰ ਵਿੱਚ ਇੱਕ ਠੇਕੇਦਾਰ ਕੋਲ ਪੁਰਾਣੀ ਛੱਤ ਤੋੜਣ ਦਾ ਕੰਮ ਕਰ ਰਹੇ ਸਨ। ਇਸ ਦੌਰਾਨ ਅਚਾਨਕ ਛੱਤ ਢਹਿ ਗਈ ਅਤੇ ਦੋਵੇਂ ਮਲਬੇ ਹੇਠਾਂ ਦਬ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਮ੍ਰਿਤਕ ਰਾਜਾ ਸਾਹਨੀ ਦੀ ਪਤਨੀ ਪ੍ਰਮਿਲਾ ਦੇਵੀ ਨੇ ਦੋਸ਼ ਲਗਾਇਆ ਕਿ ਇਹ ਕੰਮ ਮਸ਼ੀਨ ਨਾਲ ਕਰਵਾਇਆ ਜਾਣਾ ਸੀ, ਪਰ ਠੇਕੇਦਾਰ ਵੱਲੋਂ ਹੱਥ ਨਾਲ ਕਰਵਾਇਆ ਜਾ ਰਿਹਾ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਉਨ੍ਹਾਂ ਨੇ ਠੇਕੇਦਾਰ ਅਤੇ ਮਕਾਨ ਮਾਲਕ ਨੂੰ ਇਸ ਹਾਦਸੇ ਲਈ ਜ਼ਿੰਮੇਵਾਰ ਠਹਿਰਾਇਆ ਹੈ।
ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ।
ਥਾਣਾ ਨੰਬਰ 8 ਦੇ ਜਾਂਚ ਅਧਿਕਾਰੀ ਏਐਸਆਈ ਗੁਰਮੇਲ ਸਿੰਘ ਨੇ ਦੱਸਿਆ ਕਿ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਠੇਕੇਦਾਰ ਅਤੇ ਮਕਾਨ ਮਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

































