ਮੋਹਾਲੀ: ਨਸ਼ਾ ਛੁਡਾਊ ਕੇਂਦਰ ‘ਚ ਹੰਗਾਮਾ, 40 ਨੌਜਵਾਨਾਂ ਨੇ ਡਾਕਟਰਾਂ ਤੇ ਗਾਰਡਾਂ ‘ਤੇ ਕੀਤਾ ਹਮਲਾ

0
293

ਮੋਹਾਲੀ, 9 ਫਰਵਰੀ | ਸੈਕਟਰ-66 ਸਥਿਤ ਇੱਕ ਨਸ਼ਾ ਛੁਡਾਊ ਕੇਂਦਰ ਵਿੱਚ ਦਾਖ਼ਲ ਕਰੀਬ 40 ਨੌਜਵਾਨਾਂ ਨੇ ਇਕੱਠੇ ਹੋ ਕੇ ਜ਼ਬਰਦਸਤ ਹੰਗਾਮਾ ਕਰ ਦਿੱਤਾ। ਹਾਲਾਤ ਇੰਨੇ ਵਿਗੜ ਗਏ ਕਿ ਨੌਜਵਾਨਾਂ ਨੇ ਕੇਂਦਰ ਦੇ ਡਾਕਟਰਾਂ ਅਤੇ ਸੁਰੱਖਿਆ ਗਾਰਡਾਂ ‘ਤੇ ਹਮਲਾ ਕਰ ਦਿੱਤਾ।

ਮਿਲੀ ਜਾਣਕਾਰੀ ਮੁਤਾਬਕ, ਇਨ੍ਹਾਂ ਵਿਅਕਤੀਆਂ ਨੇ ਕੇਂਦਰ ਦਾ ਮੁੱਖ ਗੇਟ ਤੋੜ ਕੇ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ। ਜਦੋਂ ਸੁਰੱਖਿਆ ਕਰਮੀਆਂ ਨੇ ਉਨ੍ਹਾਂ ਨੂੰ ਰੋਕਣਾ ਚਾਹਿਆ, ਤਾਂ ਉਨ੍ਹਾਂ ਨੇ ਸਟਾਫ਼ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਖ਼ੂਨੀ ਝੜਪ ਵਿੱਚ 4 ਤੋਂ 5 ਸੁਰੱਖਿਆ ਗਾਰਡ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।



ਇਸ ਸਾਰੀ ਘਟਨਾ ਦੀ ਸੀਸੀਟੀਵੀ (CCTV) ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਨੌਜਵਾਨਾਂ ਦਾ ਰੂਹ ਕੰਬਾਊ ਹਿੰਸਕ ਰਵੱਈਆ ਸਾਫ਼ ਦਿਖਾਈ ਦੇ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਹੇਠ ਲਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਹੁਣ ਸੀਸੀਟੀਵੀ ਦੇ ਆਧਾਰ ‘ਤੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦੀ ਤਿਆਰੀ ਵਿੱਚ ਹੈ।