ਮੁੰਬਈ, 7 ਫਰਵਰੀ | ਟੀ-20 ਵਿਸ਼ਵ ਕੱਪ 2026 ਦੇ ਆਪਣੇ ਪਹਿਲੇ ਹੀ ਮੁਕਾਬਲੇ ਵਿੱਚ ਭਾਰਤੀ ਟੀਮ ਨੇ ਅਮਰੀਕਾ ਵਿਰੁੱਧ ਮਜ਼ਬੂਤ ਸਥਿਤੀ ਬਣਾ ਲਈ ਹੈ। ਮੁੰਬਈ ਦੇ ਇਤਿਹਾਸਕ ਵਾਨਖੇੜੇ ਸਟੇਡੀਅਮ ਵਿੱਚ ਖੇਡੇ ਜਾ ਰਹੇ ਇਸ ਮੈਚ ਵਿੱਚ ਕਪਤਾਨ ਸੂਰਿਆਕੁਮਾਰ ਯਾਦਵ ਨੇ ਮੂਹਰੇ ਹੋ ਕੇ ਟੀਮ ਦੀ ਅਗਵਾਈ ਕੀਤੀ ਅਤੇ ਅਜੇਤੂ 84 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ।
ਸੂਰਿਆ ਨੇ ਮਹਿਜ਼ 49 ਗੇਂਦਾਂ ਦਾ ਸਾਹਮਣਾ ਕਰਦਿਆਂ 10 ਚੌਕੇ ਅਤੇ 4 ਸ਼ਾਨਦਾਰ ਛੱਕੇ ਜੜੇ, ਜਿਸ ਦੀ ਬਦੌਲਤ ਭਾਰਤ ਨੇ ਨਿਰਧਾਰਿਤ 20 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ‘ਤੇ 161 ਦੌੜਾਂ ਬਣਾਈਆਂ। ਭਾਰਤ ਨੇ ਹੁਣ ਅਮਰੀਕਾ ਨੂੰ ਜਿੱਤ ਲਈ 162 ਦੌੜਾਂ ਦਾ ਟੀਚਾ ਦਿੱਤਾ ਹੈ।
ਇਸ ਮੈਚ ਵਿੱਚ ਭਾਰਤ ਦੀ ਸ਼ੁਰੂਆਤ ਈਸ਼ਾਨ ਕਿਸ਼ਨ ਅਤੇ ਅਭਿਸ਼ੇਕ ਸ਼ਰਮਾ ਨੇ ਕੀਤੀ। ਗੇਂਦਬਾਜ਼ੀ ਵਿੱਚ ਵੱਡਾ ਫੈਸਲਾ ਲੈਂਦਿਆਂ ਅੱਜ ਜਸਪ੍ਰੀਤ ਬੁਮਰਾਹ ਦੀ ਜਗ੍ਹਾ ਮੁਹੰਮਦ ਸਿਰਾਜ ਨੂੰ ਪਲੇਇੰਗ ਇਲੈਵਨ ਵਿੱਚ ਸ਼ਾਮਲ ਕੀਤਾ ਗਿਆ ਹੈ।
ਯਾਦ ਰਹੇ ਕਿ ਭਾਰਤੀ ਟੀਮ ਪਹਿਲਾਂ ਹੀ ਅਭਿਆਸ ਮੈਚ ਵਿੱਚ ਦੱਖਣੀ ਅਫਰੀਕਾ ਅਤੇ ਟੀ-20 ਸੀਰੀਜ਼ ਵਿੱਚ ਨਿਊਜ਼ੀਲੈਂਡ ਨੂੰ ਹਰਾ ਕੇ ਸ਼ਾਨਦਾਰ ਫਾਰਮ ਵਿੱਚ ਚੱਲ ਰਹੀ ਹੈ। ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਭਾਰਤੀ ਗੇਂਦਬਾਜ਼ ਇਸ ਟੀਚੇ ਦਾ ਸਫਲਤਾਪੂਰਵਕ ਬਚਾਅ ਕਰਕੇ ਵਿਸ਼ਵ ਕੱਪ ਦੀ ਸ਼ੁਰੂਆਤ ਜਿੱਤ ਨਾਲ ਕਰਨਗੇ।



































