ਕਪੂਰਥਲਾ ‘ਚ ਇਲਾਜ ਦੀ ਫੀਸ ਮੰਗਣ ’ਤੇ ਹੰਗਾਮਾ, ਮਰੀਜ਼ ਵੱਲੋਂ ਹਸਪਤਾਲ ‘ਚ ਭੰਨਤੋੜ

0
36

ਨਡਾਲਾ (ਕਪੂਰਥਲਾ), 1 ਫਰਵਰੀ | ਕਸਬਾ ਨਡਾਲਾ ਦੇ ਬੇਗੋਵਾਲ ਰੋਡ ਸਥਿਤ ਵਾਲੀਆ ਹਸਪਤਾਲ ਵਿੱਚ ਉਸ ਸਮੇਂ ਅਫਰਾ-ਤਫਰੀ ਮਚ ਗਈ ਜਦੋਂ ਇੱਕ ਮਰੀਜ਼ ਨੇ ਇਲਾਜ ਦੀ ਬਕਾਇਆ ਰਕਮ ਮੰਗਣ ’ਤੇ ਗੁੱਸੇ ਵਿੱਚ ਆ ਕੇ ਹਸਪਤਾਲ ਅੰਦਰ ਭੰਨਤੋੜ ਕਰ ਦਿੱਤੀ। ਦੋਸ਼ੀ ਵੱਲੋਂ ਦਾਤਰ ਨਾਲ ਵਾਰ ਕਰਦਿਆਂ ਹਸਪਤਾਲ ਦੇ ਸ਼ੀਸ਼ੇ ਤੋੜੇ ਗਏ, ਜਿਸ ਕਾਰਨ ਡਾਕਟਰ, ਸਟਾਫ ਨਰਸਾਂ ਅਤੇ ਮਰੀਜ਼ਾਂ ਨੂੰ ਜਾਨ ਬਚਾ ਕੇ ਭੱਜਣਾ ਪਿਆ।

ਡਾਕਟਰ ਦਾ ਬਿਆਨ:
ਇਸ ਸਬੰਧੀ ਡਾ. ਕਰਮਜੀਤ ਸਿੰਘ ਨਡਾਲਾ ਨੇ ਦੱਸਿਆ ਕਿ ਚਾਰ-ਪੰਜ ਦਿਨ ਪਹਿਲਾਂ ਨਡਾਲਾ ਦੇ ਇੱਕ ਪਰਿਵਾਰ ਦਾ ਇਲਾਜ ਕੀਤਾ ਗਿਆ ਸੀ, ਜਿਸਦੇ 2 ਹਜ਼ਾਰ ਰੁਪਏ ਬਕਾਇਆ ਸਨ। ਜਦੋਂ ਦੁਪਹਿਰ ਕਰੀਬ ਢਾਈ ਵਜੇ ਮਰੀਜ਼ ਕੋਲੋਂ ਪੈਸਿਆਂ ਦੀ ਮੰਗ ਕੀਤੀ ਗਈ ਤਾਂ ਉਹ ਹਸਪਤਾਲ ਆ ਕੇ ਬਹਿਸਬਾਜ਼ੀ ਕਰਨ ਲੱਗ ਪਿਆ ਅਤੇ ਬਾਹਰ ਲੱਗਾ ਸ਼ੀਸ਼ਾ ਤੋੜ ਕੇ ਚਲਾ ਗਿਆ।

ਦਾਤਰ ਨਾਲ ਮੁੜ ਹਮਲਾ:
ਡਾ. ਕਰਮਜੀਤ ਸਿੰਘ ਨੇ ਦੱਸਿਆ ਕਿ ਕੁਝ ਸਮੇਂ ਬਾਅਦ ਦੋਸ਼ੀ ਆਪਣੇ ਇੱਕ ਸਾਥੀ ਨਾਲ ਹੱਥ ਵਿੱਚ ਦਾਤਰ ਫੜ ਕੇ ਮੁੜ ਆਇਆ ਅਤੇ ਦਫਤਰ ਦੇ ਸ਼ੀਸ਼ਿਆਂ ਦੀ ਭੰਨਤੋੜ ਕਰਕੇ ਮੌਕੇ ਤੋਂ ਫਰਾਰ ਹੋ ਗਿਆ।

ਪੁਲਿਸ ਕਾਰਵਾਈ:
ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ ਪਰ ਕਰੀਬ ਦੋ ਘੰਟਿਆਂ ਤੱਕ ਕੋਈ ਵੀ ਮੁਲਾਜ਼ਮ ਮੌਕੇ ’ਤੇ ਨਹੀਂ ਪਹੁੰਚਿਆ। ਬਾਅਦ ਵਿੱਚ ਥਾਣਾ ਸੁਭਾਨਪੁਰ ਤੋਂ ਪੁਲਿਸ ਕਰਮਚਾਰੀ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਵੱਲੋਂ ਦੱਸਿਆ ਗਿਆ ਕਿ ਬਿਆਨ ਦਰਜ ਕਰਕੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਅਗਲੀ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਅਮਨ-ਕਾਨੂੰਨ ਭੰਗ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ।